ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੋ ਲੋਕ ਅਸਲੀਅਤ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਸਾਹਮਣਾ ਨਹੀਂ ਕਰ ਸਕਦੇ ਉਹ ਪਾਰਟੀ ਛੱਡ ਸਕਦੇ ਹਨ ਅਤੇ ਨਿਡਰ ਨੇਤਾਵਾਂ ਨੂੰ ਕਾਂਗਰਸ ਵਿੱਚ ਲਿਆਉਣਾ ਚਾਹੀਦਾ ਹੈ। ਉਨ੍ਹਾਂ ਕਾਂਗਰਸ ਦੇ ਸੋਸ਼ਲ ਮੀਡੀਆ ਵਿਭਾਗ ਦੇ ਅਹੁਦੇਦਾਰਾਂ ਨਾਲ ਇੱਕ ਡਿਜੀਟਲ ਪ੍ਰੋਗਰਾਮ ਵਿੱਚ ਜੋਤੀਰਾਦਿੱਤਿਆ ਸਿੰਧੀਆ ਦੀ ਮਿਸਾਲ ਦਿੰਦਿਆਂ ਕਿਹਾ ਕਿ ਜੋ ਡਰ ਗਏ ਉਹ ਕਾਂਗਰਸ ਤੋਂ ਬਾਹਰ ਚਲੇ ਗਏ। ਰਾਹੁਲ ਗਾਂਧੀ ਨੇ ਕਿਹਾ, “ਬਹੁਤ ਸਾਰੇ ਲੋਕ ਡਰਨ ਵਾਲੇ ਨਹੀਂ ਪਰ ਕਾਂਗਰਸ ਤੋਂ ਬਾਹਰ ਹਨ। ਅਜਿਹੇ ਸਾਰੇ ਲੋਕ ਸਾਡੇ ਹਨ। ਉਨ੍ਹਾਂ ਨੂੰ ਅੰਦਰ ਲਿਆਓ ਅਤੇ ਜਿਹੜੇ ਸਾਡੀ ਪਾਰਟੀ ਵਿੱਚ ਹਨ ਅਤੇ ਡਰਦੇ ਹਨ ਉਨ੍ਹਾਂ ਨੂੰ ਬਾਹਰ ਕਰ ਦੇਣਾ ਚਾਹੀਦਾ ਹੈ।”
ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਜ਼ੋਰ ਦੇ ਕੇ ਕਿਹਾ, “ਇਹ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ-RSS) ਦੇ ਲੋਕ ਹਨ ਅਤੇ ਉਨ੍ਹਾਂ ਨੂੰ ਬਾਹਰ ਚਲੇ ਜਾਣਾ ਚਾਹੀਦਾ ਹੈ, ਉਨ੍ਹਾਂ ਨੂੰ ਅਨੰਦ ਲੈਣ ਦਿਓ। ਅਸੀਂ ਉਨ੍ਹਾਂ ਨੂੰ ਨਹੀਂ ਚਾਹੁੰਦੇ, ਸਾਨੂੰ ਉਨ੍ਹਾਂ ਦੀ ਜ਼ਰੂਰਤ ਨਹੀਂ ਹੈ। ਸਾਨੂੰ ਨਿਡਰ ਲੋਕਾਂ ਦੀ ਜ਼ਰੂਰਤ ਹੈ। ਇਹ ਸਾਡੀ ਵਿਚਾਰਧਾਰਾ ਹੈ। ਇਹੀ ਤੁਹਾਡੇ ਲਈ ਮੇਰਾ ਮੁੱਢਲਾ ਸੰਦੇਸ਼ ਹੈ।” ਸਿੰਧੀਆ ਦੀ ਮਿਸਾਲ ਦਿੰਦਿਆਂ ਉਨ੍ਹਾਂ ਨੇ ਕਿਹਾ,“ਉਨ੍ਹਾਂ ਨੇ ਆਪਣਾ ਘਰ ਬਚਾਉਣਾ ਸੀ, ਉਹ ਡਰ ਗਏ ਅਤੇ ਆਰਐਸਐਸ ਨਾਲ ਚਲੇ ਗਏ।”
ਰਾਹੁਲ ਗਾਂਧੀ ਦੀਆਂ ਟਿਪਣੀਆਂ ਇਸ ਅਰਥ ਵਿੱਚ ਮਹੱਤਵ ਰੱਖਦੀਆਂ ਹਨ ਕਿ ਪਿਛਲੇ ਕੁੱਝ ਮਹੀਨਿਆਂ ਵਿੱਚ ਕਈ ਕਾਂਗਰਸੀ ਨੇਤਾ ਭਾਜਪਾ ‘ਚ ਸ਼ਾਮਿਲ ਹੋਏ ਹਨ। ਸਿੰਧੀਆ ਅਤੇ ਜਿਤਿਨ ਪ੍ਰਸਾਦ ਇਨ੍ਹਾਂ ਵਿੱਚੋਂ ਪ੍ਰਮੁੱਖ ਹਨ। ਇਹ ਪਹਿਲਾ ਮੌਕਾ ਹੈ ਜਦੋਂ ਸਾਬਕਾ ਕਾਂਗਰਸ ਪ੍ਰਧਾਨ ਨੇ ਪਾਰਟੀ ਦੇ ਸੋਸ਼ਲ ਮੀਡੀਆ ਵਿਭਾਗ ਦੇ 3500 ਵਰਕਰਾਂ ਨੂੰ ‘ਜ਼ੂਮ’ ਰਾਹੀਂ ਸੰਬੋਧਿਤ ਕਰਦਿਆਂ ਵਰਕਰਾਂ ਨਾਲ ਗੱਲਬਾਤ ਕੀਤੀ। ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਵਿੱਚ ਸ਼ੁਰੂ ਹੋਇਆ ਕਲੇਸ਼ ਵੀ ਅਜੇ ਜਾਰੀ ਹੈ।