ਰਾਹੁਲ ਗਾਂਧੀ ਇੱਕ ਵਾਰ ਫਿਰ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਦਾ ਅਹੁਦਾ ਸੰਭਾਲਣ ਬਾਰੇ ਸੋਚ ਸਕਦੇ ਹਨ। ਸੂਤਰਾਂ ਨੇ ਸ਼ਨੀਵਾਰ ਦੁਪਹਿਰ ਨੂੰ ਦੱਸਿਆ ਕਿ ਪੰਜਾਬ, ਰਾਜਸਥਾਨ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀਆਂ ਅਤੇ ਸਾਬਕਾ ਰੱਖਿਆ ਮੰਤਰੀ ਏਕੇ ਐਂਟਨੀ ਸਮੇਤ ਕਈ ਸੀਨੀਅਰ ਨੇਤਾਵਾਂ ਨੇ ਰਾਹੁਲ ਗਾਂਧੀ ਨੂੰ ਰਾਸ਼ਟਰੀ ਪ੍ਰਧਾਨ ਦੀ ਜ਼ਿੰਮੇਵਾਰੀ ਵਾਪਿਸ ਲੈਣ ਦੀ ਅਪੀਲ ਕੀਤੀ ਹੈ। ਮੀਟਿੰਗ ਦੌਰਾਨ ਕਾਂਗਰਸ ਪਾਰਟੀ ਦੀ ਅਗਵਾਈ ਕਰਨ ਬਾਰੇ ਪੁੱਛੇ ਜਾਣ ਦੇ ਸਵਾਲ ‘ਤੇ, ਰਾਹੁਲ ਗਾਂਧੀ ਨੇ ਸੀ ਡਬਲਯੂ ਸੀ ਦੀ ਬੈਠਕ ‘ਚ ਕਿਹਾ ਕਿ ਉਹ ਇਸ ‘ਤੇ ਵਿਚਾਰ ਕਰਨਗੇ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪ੍ਰਧਾਨ ਦੇ ਅਹੁਦੇ ਲਈ ਰਾਹੁਲ ਗਾਂਧੀ ਦਾ ਨਾਂ ਅੱਗੇ ਰੱਖਿਆ ਸੀ। ਜਿਸ ‘ਤੇ ਸਾਰੇ ਮੈਂਬਰ ਸਰਬਸੰਮਤੀ ਨਾਲ ਸਹਿਮਤ ਹੋਏ ਹਨ।
2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਸੀ। ਜਿਸ ਤੋਂ ਬਾਅਦ ਰਾਹੁਲ ਗਾਂਧੀ ਨੇ ਦੋ ਸਾਲ ਪਹਿਲਾਂ ਕਾਂਗਰਸ ਪ੍ਰਧਾਨ ਦਾ ਅਹੁਦਾ ਛੱਡ ਦਿੱਤਾ ਸੀ। ਉਨ੍ਹਾਂ ਦੇ ਅਸਤੀਫੇ ਨੇ ਪਾਰਟੀ ਨੂੰ ਲੀਡਰਸ਼ਿਪ ਸੰਕਟ ਵਿੱਚ ਫਸਾ ਦਿੱਤਾ ਜਿਸ ਵਿੱਚੋਂ ਪਾਰਟੀ ਅਜੇ ਪੂਰੀ ਤਰ੍ਹਾਂ ਉਭਰੀ ਨਹੀਂ ਹੈ। ਰਾਹੁਲ ਗਾਂਧੀ ਦੇ ਅਸਤੀਫੇ ਤੋਂ ਬਾਅਦ ਸੋਨੀਆ ਗਾਂਧੀ ਕਾਂਗਰਸ ਦੀ ਅੰਤਰਿਮ ਮੁਖੀ ਵਜੋਂ ਅਹੁਦਾ ਸੰਭਾਲ ਰਹੀ ਹੈ। ਕਾਂਗਰਸ ਵਰਕਿੰਗ ਕਮੇਟੀ ਦੀ ਅੱਜ ਦੀ ਮੀਟਿੰਗ ਵਿੱਚ ਰਾਹੁਲ ਗਾਂਧੀ ਨੂੰ ਪਾਰਟੀ ਮੁਖੀ ਵਜੋਂ ਵਾਪਿਸ ਅਹੁਦਾ ਸੰਭਾਲਣ ਦੀ ਅਪੀਲ ਕੀਤੀ ਗਈ ਹੈ।