ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਸੋਸ਼ਲ ਮੀਡੀਆ ‘ਤੇ ਨਿਸ਼ਾਨੇ ‘ਤੇ ਲਏ ਜਾਣ ਅਤੇ ਸ਼ਮੀ ‘ਤੇ ਟਿੱਪਣੀ ਕਰਨ ਵਾਲਿਆਂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਲੋਕ ਨਫਰਤ ਨਾਲ ਭਰੇ ਹੋਏ ਹਨ। ਉਨ੍ਹਾਂ ਨੇ ਟਵੀਟ ਕੀਤਾ, ‘ਮੁਹੰਮਦ ਸ਼ਮੀ, ਅਸੀਂ ਤੁਹਾਡੇ ਨਾਲ ਹਾਂ। ਇਹ ਲੋਕ ਨਫ਼ਰਤ ਨਾਲ ਭਰੇ ਹੋਏ ਹਨ, ਕਿਉਂਕਿ ਕੋਈ ਵੀ ਇੰਨ੍ਹਾਂ ਨੂੰ ਪਿਆਰ ਨਹੀਂ ਦਿੰਦਾ। ਇੰਨ੍ਹਾਂ ਨੂੰ ਮਾਫ਼ ਕਰ ਦਿਓ।’ ਇਸ ਤੋਂ ਪਹਿਲਾਂ ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਕਿਹਾ ਕਿ ਖੇਡ ਨੂੰ ਖੇਡ ਹੀ ਰਹਿਣ ਦੇਣਾ ਚਾਹੀਦਾ ਹੈ ਅਤੇ ਇਸ ਵਿੱਚ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ।
Mohammad #Shami we are all with you.
These people are filled with hate because nobody gives them any love. Forgive them.
— Rahul Gandhi (@RahulGandhi) October 25, 2021
ਇਸ ਮਾਮਲੇ ਵਿੱਚ ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਕਿਹਾ ਕਿ ਕੱਲ੍ਹ ਦੇ ਮੈਚ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਮੁਹੰਮਦ ਸ਼ਮੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਿਸ ਵਿੱਚ ਮੁਸਲਮਾਨਾਂ ਖ਼ਿਲਾਫ਼ ਕੱਟੜਤਾ, ਨਫ਼ਰਤ ਦਿਖਾਈ ਜਾ ਰਹੀ ਹੈ। ਤੁਸੀਂ ਕ੍ਰਿਕਟ ਵਿੱਚ ਜਿੱਤੋ ਜਾਂ ਹਾਰੋ। ਟੀਮ ਵਿੱਚ 11 ਖਿਡਾਰੀ ਹਨ ਪਰ ਸਿਰਫ਼ ਇੱਕ ਮੁਸਲਿਮ ਖਿਡਾਰੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਕੀ ਭਾਜਪਾ ਸਰਕਾਰ ਇਸ ਦੀ ਨਿਖੇਧੀ ਕਰੇਗੀ?
ਦੂਜੇ ਪਾਸੇ ਸਚਿਨ ਤੇਂਦੁਲਕਰ ਅਤੇ ਵਰਿੰਦਰ ਸਹਿਵਾਗ ਸਮੇਤ ਸਾਬਕਾ ਅਤੇ ਮੌਜੂਦਾ ਭਾਰਤੀ ਖਿਡਾਰੀਆਂ ਨੇ ਵੀ ਸ਼ਮੀ ਦਾ ਸਮਰਥਨ ਕੀਤਾ ਹੈ, ਸ਼ਮੀ ਨੂੰ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਪਾਕਿਸਤਾਨ ਦੇ ਖਿਲਾਫ ਦੇਸ਼ ਦੀ ਕ੍ਰਿਕਟ ਟੀਮ ਦੀ ਪਹਿਲੀ ਹਾਰ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਨਿਸ਼ਾਨਾ ਬਣਾਇਆ ਗਿਆ ਸੀ। ਭਾਰਤ ਨੂੰ ਐਤਵਾਰ ਨੂੰ ਟੀ-20 ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ਵਿੱਚ 10 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੌਰਾਨ ਸ਼ਮੀ ਭਾਰਤ ਦੇ ਸਭ ਤੋਂ ਮਹਿੰਗੇ ਗੇਂਦਬਾਜ਼ ਸਾਬਿਤ ਹੋਏ ਅਤੇ ਉਨ੍ਹਾਂ ਨੇ 3.5 ਓਵਰਾਂ ‘ਚ 43 ਦੌੜਾਂ ਦਿੱਤੀਆਂ।