ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲੇ ‘ਚ ਕਿਸਾਨਾਂ ਨੂੰ ਕੁਚਲਣ ਦੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਜ਼ਿਲੇ ਦੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਨੂੰ ਲਿਖਤੀ ਦਸਤਾਵੇਜ਼ ਸੌਂਪ ਕੇ ਦੱਸਿਆ ਹੈ ਕਿ ਇਸ ਮਾਮਲੇ ਦੇ ਮੁਲਜ਼ਮ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੇ ਕਿਸਾਨਾਂ ਨੂੰ ਮਾਰਨ ਦੀ ਸੋਚੀ ਸਮਝੀ ਸਾਜ਼ਿਸ਼ ਰਚੀ ਸੀ। ਲਖੀਮਪੁਰ ਖੀਰੀ ਮਾਮਲੇ ਨੂੰ ਲੈ ਕੇ ਐੱਸਆਈਟੀ ਦੀ ਜਾਂਚ ‘ਚ ਸਾਹਮਣੇ ਆਏ ਖੁਲਾਸੇ ਤੋਂ ਬਾਅਦ ਵਿਰੋਧੀ ਧਿਰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਤੇ ਹਮਲਾਵਰ ਹੈ।
ਖੁਲਾਸਾ ਹੋਣ ਤੋਂ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸਿੱਧਾ ਹਮਲਾ ਬੋਲਿਆ ਹੈ। ਲਖੀਮਪੁਰ ਖੀਰੀ ਕਾਂਡ ਦੀ ਐਸਆਈਟੀ ਜਾਂਚ ਨਾਲ ਜੁੜੀ ਇੱਕ ਖਬਰ ਦਾ ਸਕਰੀਨ ਸ਼ਾਟ ਸਾਂਝਾ ਕਰਦੇ ਹੋਏ ਰਾਹੁਲ ਗਾਂਧੀ ਨੇ ਲਿਖਿਆ, “ਮੋਦੀ ਜੀ, ਫਿਰ ਤੋਂ ਮੁਆਫੀ ਮੰਗਣ ਦਾ ਸਮਾਂ ਆ ਗਿਆ ਹੈ… ਪਰ ਪਹਿਲਾਂ ਦੋਸ਼ੀ ਦੇ ਪਿਤਾ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਓ।” ਐੱਸਆਈਟੀ ਦੀ ਜਾਂਚ ਨੂੰ ਲੈ ਕੇ ਰਾਹੁਲ ਗਾਂਧੀ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਸੱਚਾਈ ਸਭ ਦੇ ਸਾਹਮਣੇ ਹੈ।