ਰਾਹੁਲ ਗਾਂਧੀ ਨੇ ਪੰਜਾਬ ‘ਚ ਭਾਰਤ ਜੋੜੋ ਯਾਤਰਾ ਦੇ ਪਹਿਲੇ ਦਿਨ 25 ਕਿਲੋਮੀਟਰ ਪੈਦਲ ਯਾਤਰਾ ਕੀਤੀ ਹੈ। ਉਨ੍ਹਾਂ ਨੇ ਸਰਹਿੰਦ ਤੋਂ ਮੰਡੀ ਗੋਬਿੰਦਗੜ੍ਹ ਤੱਕ 2 ਪੜਾਵਾਂ ਵਿੱਚ ਪੈਦਲ ਯਾਤਰਾ ਕੀਤੀ ਹੈ। ਸਵੇਰੇ ਉਨ੍ਹਾਂ ਨੇ ਸਰਹਿੰਦ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਸੀ। ਇਸ ਤੋਂ ਬਾਅਦ ਨਵੀਂ ਦਾਣਾ ਮੰਡੀ ਵਿੱਚ ਝੰਡੇ ਦੀ ਰਸਮ ਅਦਾ ਕਰਨ ਉਪਰੰਤ ਪੈਦਲ ਯਾਤਰਾ ਸ਼ੁਰੂ ਕੀਤੀ ਸੀ।
ਸਵੇਰੇ ਰਾਹੁਲ ਗਾਂਧੀ ਲਾਲ ਪੱਗ ਬੰਨ੍ਹ ਕੇ ਯਾਤਰਾ ‘ਚ ਸ਼ਾਮਿਲ ਹੋਏ ਸਨ। ਹਾਲਾਂਕਿ ਉਨ੍ਹਾਂ ਨੇ ਦੁਪਹਿਰ ਤੋਂ ਬਾਅਦ ਪੱਗ ਨਹੀਂ ਸਜਾਈ। ਇਸ ਦੌਰਾਨ ਰਸਤੇ ‘ਚ ਹਲਕੀ ਬਾਰਿਸ਼ ਹੋਈ। ਯਾਤਰਾ ਦਾ ਰਾਤ ਦਾ ਠਹਿਰਨ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਵਿਖੇ ਹੈ। ਸਵੇਰੇ ਉਹ ਕਸ਼ਮੀਰ ਗਾਰਡਨ ਤੋਂ ਪੈਦਲ ਯਾਤਰਾ ਦੀ ਸ਼ੁਰੂਆਤ ਕਰਨਗੇ ਅਤੇ ਸਮਰਾਲਾ ਚੌਕ ਵਿਖੇ ਸਮਾਪਤੀ ਹੋਵੇਗੀ। ਉਹ ਬਿਨਾਂ ਰੁਕੇ 25 ਕਿਲੋਮੀਟਰ ਚੱਲਣਗੇ। ਰਾਹੁਲ ਸਮਰਾਲਾ ਚੌਕ ‘ਚ ਮੀਟਿੰਗ ਤੋਂ ਬਾਅਦ ਦਿੱਲੀ ਲਈ ਰਵਾਨਾ ਹੋਣਗੇ।
LIVE: Evening leg of #BharatJodoYatra resumes from Mandi Gobindgarh, Punjab. https://t.co/UZSlMA7iHR
— Congress (@INCIndia) January 11, 2023
ਸਵੇਰੇ ਸਰਹਿੰਦ ਤੋਂ ਸ਼ੁਰੂ ਹੋਈ ਯਾਤਰਾ ਦੁਪਹਿਰ ਬਾਅਦ ਮੰਡੀ ਗੋਬਿੰਦਗੜ੍ਹ ਪਹੁੰਚੀ ਸੀ, ਰਾਹੁਲ ਗਾਂਧੀ ਨੇ ਕੁਝ ਸਮਾਂ ਆਰਾਮ ਕੀਤਾ ਅਤੇ ਸਾਬਕਾ ਸੈਨਿਕਾਂ ਨਾਲ ਮੁਲਾਕਾਤ ਕੀਤੀ। ਆਰਾਮ ਕਰਨ ਤੋਂ ਬਾਅਦ ਰਾਹੁਲ ਗਾਂਧੀ ਇੱਕ ਵਾਰ ਫਿਰ ਆਪਣੇ ਪੁਰਾਣੇ ਰੰਗ ਵਿੱਚ ਨਜ਼ਰ ਆਏ। ਖਾਸ ਗੱਲ ਇਹ ਹੈ ਕਿ ਹੁਣ ਤੱਕ ਭਾਰਤ ਜੋੜੋ ਯਾਤਰਾ ‘ਚ ਰਾਹੁਲ ਨੂੰ ਪੰਜਾਬ ‘ਚ ਸਭ ਤੋਂ ਜ਼ਿਆਦਾ ਸੁਰੱਖਿਆ ਦਿੱਤੀ ਗਈ ਸੀ। ਜਿਸ ਵਿੱਚ ਪੰਜਾਬ ਪੁਲਿਸ ਨੇ ਅੱਗੇ-ਪਿੱਛੇ ਅਤੇ ਦੋਵੇਂ ਪਾਸੇ ਸੁਰੱਖਿਆ ਘੇਰਾ ਬਣਾਇਆ ਹੋਇਆ ਸੀ।
ਯਾਤਰਾ ਦੀ ਸ਼ੁਰੂਆਤ ‘ਚ ਆਪਣੇ ਸੰਬੋਧਨ ‘ਚ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ‘ਚ ਨਫਰਤ ਫੈਲਾਈ ਜਾ ਰਹੀ ਹੈ। ਆਰ.ਐਸ.ਐਸ.-ਭਾਜਪਾ ਦੇ ਲੋਕ ਇੱਕ ਧਰਮ ਨੂੰ ਦੂਜੇ ਧਰਮ ਨਾਲ, ਇੱਕ ਭਾਸ਼ਾ ਨੂੰ ਦੂਜੇ ਨਾਲ ਲੜਾਉਣ ਵਿੱਚ ਲੱਗੇ ਹੋਏ ਹਨ। ਇਨ੍ਹਾਂ ਨੇ ਦੇਸ਼ ਦਾ ਮਾਹੌਲ ਖਰਾਬ ਕਰ ਦਿੱਤਾ ਹੈ। ਸਾਨੂੰ ਦੇਸ਼ ਨੂੰ ਇੱਕ ਹੋਰ ਰਸਤਾ ਦਿਖਾਉਣਾ ਚਾਹੀਦਾ ਹੈ, ਪਿਆਰ, ਏਕਤਾ ਅਤੇ ਭਾਈਚਾਰੇ ਦਾ।