ਲੋਹੜੀ , ਪੰਜਾਬ ਦਾ ਸਰਦੀ ਦੀ ਰੁੱਤ ਦਾ ਇੱਕ ਖਾਸ ਤਿਉਹਾਰ ਹੈ।ਕਣਕਾਂ ਦੀ ਬਿਜਾਈ ਅਤੇ ਮੂਗਫਲੀ ਦੀ ਵਾਢੀ ਤੋਂ ਵਿਹਲੇ ਹੋਕੇ ਮਨਾਇਆ ਜਾਣ ਵਾਲਾ ਇਹ ਤਿਉਹਾਰ ਪੰਜਾਬੀ ਸੱਭਿਅਤਾ ਦਾ ਇਕ ਵਿਲੱਖਣ ਨਮੂਨਾ ਹੈ । ਇਸ ਦਿਨ ਪਿੰਡ ਦੇ ਬੱਚੇ ਇਕੱਠੇ ਹੋਕੇ ਘਰ ਘਰ ਜਾਕੇ, ਲੋਹੜੀ ਦੇ ਖਾਸ ਗੀਤ ਗਾਕੇ ਘਰਾਂ ਚੋਂ ਖਾਣ ਪੀਣ ਦਾ ਸਮਾਨ ਅਤੇ ਅੱਗ ਬਾਲਣ ਲਈ ਪਾਥੀਆਂ ਅਤੇ ਲੱਕੜਾਂ ਇਕੱਠੀਆਂ ਕਰਦੇ ਹਨ।ਘਰਾਂ ਵਿੱਚ ਖਾਸ ਕਰਕੇ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਅਤੇ ਗੰਨੇ ਦੇ ਰਸ ਦੀ ਖੀਰ ਬਣਾਈ ਜਾਂਦੀ ਹੈ।ਇਹਨਾਂ ਦਿਨਾਂ ਵਿੱਚ ਹਰ ਘਰ ਵਿੱਚ ਮੂੰਗਫਲੀ ਆਮ ਹੁੰਦੀ ਹੈ ਇਸ ਲਈ ਹੀ ਇਸ ਤਿਉਹਾਰ ਵਿੱਚ ਮੂੰਗਫਲੀ , ਗੁੜ ਅਤੇ ਰਿਉੜੀਆਂ ਵੀ ਮਹੱਤਵ ਰੱਖਦੀਆਂ ਹਨ । ਹਾਲਾਂਕਿ ਬਦਲਦੇ ਜਮਾਨੇ ਨੇ ਇਸ ਰਸਮ ਨੂੰ ਪੂਰੀ ਤਰਾਂ ਬਦਲ ਦਿੱਤਾ ਹੈ ਅਤੇ ਹੁਣ ਇਨਾਂ ਦੀ ਥਾਂ ਗੱਚਕ ਰਿਉੜੀਆਂ ਦੇ ਡੱਬਿਆਂ ਨੇ ਲੈ ਲਈ ਹੈ, ਗੁੜ ਵੰਡਣ ਦਾ ਰਿਵਾਜ ਤਾਂ ਲਗਭਗ ਖਤਮ ਹੀ ਹੋ ਗਿਆ ਹੈ ਪਰ ਫੇਰ ਵੀ ਸਾਡਾ ਇਹ ਸਭਿਆਚਾਰ ਸਾਡੇ ਪੇਂਡੂ ਖੇਤਰਾਂ ਵਿਚ ਕਿਤੇ ਕਿਤੇ ਸਿਸਕ ਰਿਹਾ ਹੈ।
ਬਾਕੀ ਤਿਉਹਾਰਾਂ ਵਾਂਗ ਲੋਹੜੀ ਦੇ ਤਿਉਹਾਰ ਦੀ ਵੀ ਆਪਣੀ ਵੱਖਰੀ ਮਾਨਤਾ ਹੈ ਪਰ ਇਸ ਦਿਨ ਖਾਸ ਕਰ ਪੰਜਾਬ ‘ਚ ਨਵਜੰਮੇ ਬੱਚਿਆਂ ਦੀ ਲੋਹੜੀ ਵੰਡੀ ਜਾਂਦੀ ਹੈ। ਹੁਣ ਤੱਕ ਇਹ ਤਿਉਹਾਰ ਮੁੰਡਿਆਂ ਦੇ ਜਨਮ ਤੇ ਮਨਾਇਆ ਜਾਂਦਾ ਸੀ ਪਰ ਹੁਣ ਇਹ ਕੁੜੀਆਂ ਲਈ ਵੀ ਮਨਾਇਆ ਜਾਣ ਲੱਗਾ ਹੈ। ਸਮਾਜ ‘ਚ ਔਰਤਾਂ ਨਾਲ ਭੇਦਭਾਵ ਵਾਲੇ ਰਵੱਈਏ ਨੂੰ ਖਤਮ ਕਰਨ ਲਈ ਵੱਖ-ਵੱਖ ਸੰਸਥਾਵਾਂ ਤੇ ਲੋਕਾਂ ਵੱਲੋਂ ਅਜਿਹੇ ਕਦਮ ਸ਼ਲਾਘਾਯੋਗ ਹਨ।
ਉੱਥੇ ਹੀ ਔਰਤਾਂ ਨਾਲ ਭੇਦਭਾਵ ਵਾਲੇ ਰਵੱਈਏ ਨੂੰ ਖਤਮ ਕਰਨ ਲਈ ਆਪਣਾ ਯੋਗਦਾਨ ਪਾਉਣ ਲਈ ਤੁਹਾਡੇ ਆਪਣੇ ‘ਰੇਡੀਓ ਸਾਡੇ ਆਲਾ’ ਵੱਲੋਂ ਵੀ ਹਰ ਵਾਰ ਦੀ ਤਰਾਂ ਇਸ ਸਾਲ ਵੀ ਧੀਆਂ ਦੀ ਲੋਹੜੀ ਮਨਾਈ ਜਾਵੇਗੀ। ‘ਰੇਡੀਓ ਸਾਡੇ ਆਲਾ’ ਵੱਲੋਂ ਪੰਜਵੀ ਵਾਰ ਇਸ ਸਾਲ ਧੀਆਂ ਦੀਆ ਲੋਹੜੀ ਦਾ ਇਹ ਤਿਉਹਾਰ ਮਨਾਇਆ ਜਾ ਰਿਹਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀ ਹਰ ਸਾਲ ਦੀ ਤਰਾਂ ਇਸ ਵਾਰ ਵੀ ਹਾਜ਼ਿਰ ਹੋ ਕਿ ਇਸ ਤਿਉਹਾਰ ਦੀਆਂ ਰੌਣਕਾਂ ਨੂੰ ਚਾਰ ਚੰਨ ਲਾਗਾਓਗੇ। ਧੀਆਂ ਦੀ ਲੋਹੜੀ ਦਾ ਇਹ ਤਿਉਹਾਰ ਇਸ ਸਾਲ 26 ਮਾਰਚ 2023 ਨੂੰ 733 A1 ਇਵੈਂਟ ਸੈਂਟਰ, ਪਾਪਾਟੋਏਟੋਏ ਸ਼ਾਮ 5 ਵਜੇ ਤੋਂ 8 ਵਜੇ ਰੱਖਿਆ ਗਿਆ ਹੈ। ਇਸ ਦੌਰਾਨ ਜਿਨ੍ਹਾਂ ਬੱਚੀਆਂ ਦੀ ਪਹਿਲੀ ਲੋਹੜੀ ਹੈ ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਵੀ ਦਿੱਤੇ ਜਾਣਗੇ। ਇਸ ਮੌਕੇ ਪਹਿਲੀ ਲੋਹੜੀ ਤੇ ਪਹਿਲੀ ਐਂਟਰੀ ਵਾਲੀਆਂ 50 ਬੱਚੀਆਂ ਨੂੰ ਸੋਨੇ ਦੇ ਈਅਰ ਰਿੰਗਜ਼ ਅਤੇ guddies bags ਵੀ ਦਿੱਤੇ ਜਾਣਗੇ। ਇੰਨ੍ਹਾਂ ਹੀ ਨਹੀਂ ਇਸ ਤੋਂ ਇਲਾਵਾ ਵੀ ਕਈ ਤਰਾਂ ਦੇ ਸਰਪ੍ਰਾਈਜ਼ ਰੱਖੇ ਗਏ ਹਨ।
ਇਸ ਸਮੇਂ ਹਾਜ਼ਰੀਨਾਂ ਲਈ ਸਨਮਾਨਾਂ ਤੋਂ ਇਲਾਵਾ ਖਾਣ-ਪੀਣ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਗਿੱਧੇ ਅਤੇ ਭੰਗੜੇ ਦੀਆਂ ਪੇਸ਼ਕਾਰੀਆਂ ਵੀ ਇਸ ਦੌਰਾਨ ਖਿੱਚ ਦਾ ਕੇਂਦਰ ਬਣਨਗੀਆਂ।
‘ਆਓ ਨਵੀਆਂ ਪਿਰਤਾਂ ਪਾਈਏ, ਧੀਆਂ ਦੀ ਲੋਹੜੀ ਮਨਾਈਏ’
ਪੁੱਤਾਂ ਨਾਲੋਂ ਵੱਧਕੇ ਪਿਆਰ ਲੈਦੀਆਂ ਨੇ ਧੀਆਂ
ਦੁੱਖ ਵਿੱਚ ਹੋਣ ਮਾਪੇ ਸਾਰ ਲੈਦੀਆਂ ਨੇ ਧੀਆਂ
ਆਪਣੀ ਕਿਸਮਤ ਨੂੰ ਆਪਣੇ ਹੱਥੀਂ ਸਵਾਰ ਲੈਂਦੀਆਂ ਨੇ ਧੀਆਂ
ਧੀਆਂ ਹੋਣ ‘ਤੇ ਵੀ ਖੁਸ਼ੀ ਮਨਾਇਆ ਕਰੋ
ਪੁੱਤਾਂ ਵਾਂਗੂ ਧੀਆਂ ਦੀ ਵੀ ਲੋਹੜੀ ਚਾਵਾਂ ਨਾਲ ਪਾਇਆ ਕਰੋ
ਇੱਥੇ ਇਹ ਗੱਲ ਵਰਨਣਯੋਗ ਹੈ ਕਿ ਭਾਰਤ ਵਿੱਚ ਬੇਸ਼ੱਕ ਅਧੁਨਿਕਤਾ ਵੱਲ ਨੂੰ ਵੱਧਦੇ ਹੋਏ ਕਈ ਰੀਤੀ-ਰਿਵਾਜ਼ ਵਿਸਰਦੇ ਜਾ ਰਹੇ ਹਨ ਪਰ ਸਮੂਹ ਵਿਦੇਸ਼ੀਆਂ ਨੇ ਸੱਤ ਸਮੁੰਦਰ ਪਾਰ ਆ ਕੇ ਵੀ ਆਪਣੇ ਸੱਭਿਆਚਾਰਕ ਵਿਰਸੇ ਅਤੇ ਰਸਮਾਂ ਨੂੰ ਜ਼ਿੰਦਾ ਰੱਖਿਆ ਹੋਇਆ ਹੈ। ਤਾਂਕਿ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਆਪਣੇ ਅਮੀਰ ਵਿਰਸੇ ਦੀਆਂ ਜੜ੍ਹਾਂ ਨਾਲ ਜੋੜ ਕੇ ਰੱਖਿਆ ਜਾ ਸਕੇ।
ਜੇਕਰ ਅਸੀਂ ਧੀਆਂ ਦੀ ਲੋਹੜੀ ਮਨਾਵਾਂਗੇ ਤਾਹੀਓਂ ਤਾਂ ਪੁੱਤਾਂ ਨੂੰ ਘੋੜੀ ਗਾ ਕੇ ਸ਼ਗਨ ਮਨਾਵਾਂਗੇ।
ਰਲ਼ ਤੀਜ ਤੇ ਤਿਉਹਾਰ ਮਨਾਇਆ ਕਰਾਂਗੇ।
ਨਾਲ਼ੇ ਹੱਸਾਂਗੇ ਤੇ ਖ਼ੁਸ਼ੀ ਵੀ ਮਨਾਇਆ ਕਰਾਂਗੇ।
ਮੁੰਡਿਆਂ ਦੀ ਲੋਹੜੀ ਤਾਂ ਮਨਾਉਂਦੇ ਆਂ ਅਸੀਂ,
ਹੁਣ ਕੁੜੀਆਂ ਦੀ ਲੋਹੜੀ ਵੀ ਮਨਾਇਆ ਕਰਾਂਗੇ।