ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦਾ ਸੰਸਕਾਰ 19 ਸਤੰਬਰ ਨੂੰ ਕੀਤਾ ਜਾਵੇਗਾ। ਮਹਾਰਾਣੀ ਦੇ ਅੰਤਿਮ ਸੰਸਕਾਰ ‘ਚ ਦੁਨੀਆ ਭਰ ਦੇ ਕਈ ਨੇਤਾ ਸ਼ਾਮਿਲ ਹੋਣਗੇ। ਇਸ ਦੌਰਾਨ ਸੁਰੱਖਿਆ ‘ਤੇ 70 ਲੱਖ ਅਮਰੀਕੀ ਡਾਲਰ (ਕਰੀਬ 59 ਕਰੋੜ ਰੁਪਏ) ਤੋਂ ਜ਼ਿਆਦਾ ਦੀ ਰਕਮ ਖਰਚ ਕੀਤੀ ਜਾਵੇਗੀ। ਮਹਾਰਾਣੀ ਐਲਿਜ਼ਾਬੈਥ ਦਾ ਸਕਾਟਲੈਂਡ ਦੇ ਬਾਲਮੋਰਲ ਕੈਸਲ ਵਿਖੇ 8 ਸਤੰਬਰ ਨੂੰ 96 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਸੀ।
ਨਿਊਯਾਰਕ ਪੋਸਟ ਦੇ ਅਨੁਸਾਰ, ਮਹਾਰਾਣੀ ਐਲਿਜ਼ਾਬੈਥ ਦੇ ਅੰਤਿਮ ਸੰਸਕਾਰ ਦੌਰਾਨ ਇੱਕ ਦਿਨ ਦੇ ਆਪ੍ਰੇਸ਼ਨ ‘ਤੇ ਬ੍ਰਿਟਿਸ਼ ਇਤਿਹਾਸ ਵਿੱਚ ਸਭ ਤੋਂ ਵੱਡੀ ਰਕਮ ਖਰਚ ਹੋਵੇਗੀ। ਬ੍ਰਿਟਿਸ਼ Mi5 ਅਤੇ Mi6 ਖੁਫੀਆ ਏਜੰਸੀਆਂ, ਲੰਡਨ ਦੀ ਮੈਟਰੋਪੋਲੀਟਨ ਪੁਲਿਸ ਅਤੇ ਸੀਕ੍ਰੇਟ ਸਰਵਿਸ ਸੋਮਵਾਰ ਦੇ ਅੰਤਿਮ ਸੰਸਕਾਰ ਮੌਕੇ ਵਿਦੇਸ਼ੀ ਨੇਤਾਵਾਂ ਦੀ ਸੁਰੱਖਿਆ ਲਈ ਮਿਲ ਕੇ ਕੰਮ ਕਰਨਗੇ। ਯੂਨਾਈਟਿਡ ਕਿੰਗਡਮ ਦੀ ਪੁਲਿਸ ਦੁਆਰਾ ਕੀਤਾ ਗਿਆ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਆਪ੍ਰੇਸ਼ਨ ਹੈ।
ਇਸ ਤੋਂ ਪਹਿਲਾਂ ਸਾਲ 2011 ‘ਚ ਪ੍ਰਿੰਸ ਵਿਲੀਅਮ ਅਤੇ ਕੇਟ ਦੇ ਵਿਆਹ ‘ਚ ਭਾਰੀ ਪੁਲਿਸ ਤਾਇਨਾਤ ਸੀ। ਨਿਊਯਾਰਕ ਪੋਸਟ ਦੇ ਅਨੁਸਾਰ, 2011 ਦੇ ਵਿਆਹ ਲਈ ਪੁਲਿਸ ਨੂੰ ਅੰਦਾਜ਼ਨ 7.2 ਮਿਲੀਅਨ ਡਾਲਰ ਦਾ ਖਰਚਾ ਆਇਆ ਸੀ। ਮਹਾਰਾਣੀ ਐਲਿਜ਼ਾਬੈਥ ਦੇ ਅੰਤਿਮ ਸੰਸਕਾਰ ਦੌਰਾਨ ਪੂਰਾ ਲੰਡਨ ਭਾਰੀ ਸੁਰੱਖਿਆ ਨਾਲ ਕਵਰ ਜਾਵੇਗਾ। ਨਿਊਯਾਰਕ ਪੋਸਟ ਨੇ ਸ਼ਾਹੀ ਸੁਰੱਖਿਆ ਦੇ ਸਾਬਕਾ ਅਧਿਕਾਰੀ ਸਾਈਮਨ ਮੋਰਗਨ ਦੇ ਹਵਾਲੇ ਨਾਲ ਕਿਹਾ ਕਿ ਸ਼ਹਿਰ ਦੇ ਕੁੱਝ ਹਿੱਸੇ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਹਨ ਅਤੇ ਸੰਭਾਵਨਾ ਹੈ ਕਿ ਅੰਤਿਮ ਸੰਸਕਾਰ ਤੋਂ ਪਹਿਲਾਂ ਹੋਰ ਸੜਕਾਂ ਬੰਦ ਕਰ ਦਿੱਤੀਆਂ ਜਾਣਗੀਆਂ। ਅੰਤਿਮ ਸੰਸਕਾਰ ਵਿੱਚ ਲਗਭਗ 750,000 ਲੋਕਾਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ, ਜੋ ਕਿ ਵਿਲ ਅਤੇ ਕੇਟ ਦੇ ਵਿਆਹ ਤੋਂ ਕਿਤੇ ਵੱਧ ਹੈ।