ਬ੍ਰਿਟੇਨ ਦੇ ਰਾਜਾ ਚਾਰਲਸ III ਦੀ ਸ਼ਨੀਵਾਰ ਨੂੰ ਲੰਡਨ ਦੇ ਵੈਸਟਮਿੰਸਟਰ ਐਬੇ ਵਿਖੇ ਸ਼ਾਹੀ ਤਾਜਪੋਸ਼ੀ ਹੋਈ ਹੈ। ਰਾਜਾ ਚਾਰਲਸ ਦੇ ਨਾਲ, ਰਾਣੀ ਕੰਸੋਰਟ ਕੈਮਿਲਾ ਦੀ ਵੀ ਤਾਜਪੋਸ਼ੀ ਹੋਈ ਸੀ। ਸ਼ਾਹੀ ਤਾਜ ਪਾਉਣ ਤੋਂ ਪਹਿਲਾਂ ਉਨ੍ਹਾਂ ਨੇ ਸਹੁੰ ਚੁੱਕੀ। ਇਸ ਸਹੁੰ ‘ਚ ਉਨ੍ਹਾਂ ਕਿਹਾ ਕਿ ਉਹ ਬਰਤਾਨੀਆ ਦੇ ਸਾਰੇ ਲੋਕਾਂ ‘ਤੇ ਨਿਆਂ ਅਤੇ ਰਹਿਮ ਨਾਲ ਰਾਜ ਕਰਨਗੇ। ਕਿੰਗ ਚਾਰਲਸ ਨੇ ਇਹ ਵੀ ਕਿਹਾ ਕਿ ਉਹ ਅਜਿਹੇ ਮਾਹੌਲ ਨੂੰ ਉਤਸ਼ਾਹਿਤ ਕਰਨਗੇ ਜਿੱਥੇ ਸਾਰੇ ਧਰਮਾਂ ਅਤੇ ਵਿਸ਼ਵਾਸਾਂ ਦੇ ਲੋਕ ਆਜ਼ਾਦੀ ਨਾਲ ਰਹਿ ਸਕਣ। ਅਹਿਮ ਗੱਲ ਇਹ ਹੈ ਕਿ ਮਹਾਰਾਣੀ ਕੈਮਿਲਾ ਨੇ ਕੋਹਿਨੂਰ ਵਾਲਾ ਤਾਜ ਸਜਾਉਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਨ੍ਹਾਂ ਦੀ ਤਾਜਪੋਸ਼ੀ ਵੀ ਇਸ ਤਰਾਂ ਹੀ ਹੋਈ ਹੈ।
ਸੱਤ ਦਹਾਕਿਆਂ ਵਿੱਚ ਇਹ ਪਹਿਲਾ ਮੌਕਾ ਹੈ, ਜਦੋਂ ਬ੍ਰਿਟੇਨ ਵਿੱਚ ਤਾਜਪੋਸ਼ੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ। ਇਸ ਦੌਰਾਨ ਤਾਜਪੋਸ਼ੀ ਦੀ 1000 ਸਾਲ ਪੁਰਾਣੀ ਪਰੰਪਰਾ ਦਾ ਪਾਲਣ ਕੀਤਾ ਗਿਆ। ਹਾਲਾਂਕਿ ਤਾਜਪੋਸ਼ੀ ਪ੍ਰੋਗਰਾਮ ਦੌਰਾਨ 21ਵੀਂ ਸਦੀ ਦੇ ਬ੍ਰਿਟੇਨ ਦੀ ਝਲਕ ਵੀ ਦੇਖਣ ਨੂੰ ਮਿਲੀ। ਕਿੰਗ ਚਾਰਲਸ ਦੀ ਤਾਜਪੋਸ਼ੀ ਉਨ੍ਹਾਂ ਦੇ ਬਰਤਾਨੀਆ ਦੀ ਗੱਦੀ ‘ਤੇ ਬੈਠਣ ਦੀ ਧਾਰਮਿਕ ਪੁਸ਼ਟੀ ਹੈ। ਮਹਾਰਾਣੀ ਐਲਿਜ਼ਾਬੈਥ II ਦੀ ਪਿਛਲੇ ਸਾਲ ਸਤੰਬਰ ਵਿੱਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਰਾਜਾ ਚਾਰਲਸ ਨੇ ਅਹੁਦਾ ਸੰਭਾਲਿਆ ਸੀ।