ਭਾਰਤ ਦੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਨੇ ਐਤਵਾਰ ਨੂੰ ਚੀਨ ਦੇ ਜ਼ਿਆਓ ਹੇ ਬਿੰਗ ਨੂੰ ਹਰਾ ਕੇ ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਸਿੰਧੂ ਦੋ ਓਲੰਪਿਕ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਬੈਡਮਿੰਟਨ ਖਿਡਾਰਨ ਵੀ ਬਣ ਗਈ ਹੈ। ਸਿੰਧੂ ਨੇ 52 ਮਿੰਟ ਤੱਕ ਚੱਲੇ ਮੈਚ ਵਿੱਚ ਚੀਨੀ ਖਿਡਾਰਨ ਬਿੰਗ ਨੂੰ 21-13, 21-15 ਨਾਲ ਹਰਾਇਆ ਹੈ। ਸਿੰਧੂ ਦਾ ਇਹ ਦੂਜਾ ਓਲੰਪਿਕ ਸੀ। ਸਿੰਧੂ ਨੇ ਰੀਓ ਵਿੱਚ ਆਪਣੀ ਸ਼ੁਰੂਆਤ ਕੀਤੀ ਅਤੇ ਸਿਲਵਰ ਮੈਡਲ ਜਿੱਤਿਆ ਸੀ। ਲਗਾਤਾਰ ਦੋ ਓਲੰਪਿਕ ਤਗਮੇ ਜਿੱਤਣ ਵਾਲੇ ਪਹਿਲਵਾਨ ਸੁਸ਼ੀਲ ਕੁਮਾਰ ਤੋਂ ਬਾਅਦ ਇਹ ਕਾਰਨਾਮਾ ਕਰਨ ਵਾਲੀ ਸਿੰਧੂ ਦੂਜੀ ਭਾਰਤੀ ਅਥਲੀਟ ਹੈ।
ਸੁਸ਼ੀਲ ਨੇ 2008 ਬੀਜਿੰਗ ਓਲੰਪਿਕਸ ਵਿੱਚ ਕਾਂਸੀ ਦਾ ਤਗਮਾ ਅਤੇ 2012 ਲੰਡਨ ਓਲੰਪਿਕਸ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਟੋਕੀਓ ਓਲੰਪਿਕਸ ਵਿੱਚ ਭਾਰਤ ਦਾ ਇਹ ਦੂਜਾ ਤਮਗਾ ਹੈ। ਸ਼ਨੀਵਾਰ ਨੂੰ ਪੀਵੀ ਸਿੰਧੂ ਸੈਮੀਫਾਈਨਲ ਮੈਚ ਹਾਰ ਗਈ ਸੀ, ਜਿਸ ਕਾਰਨ ਉਸ ਦਾ ਸੋਨ ਤਮਗਾ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ ਸੀ। ਹਾਲਾਂਕਿ ਉਸ ਦੇ ਕੋਲ ਸੈਮੀਫਾਈਨਲ ਹਾਰਨ ਦੇ ਬਾਅਦ ਕਾਂਸੀ ਤਮਗਾ ਜਿੱਤਣ ਦਾ ਮੌਕਾ ਸੀ, ਜਿਸਦਾ ਉਸਨੇ ਬਹੁਤ ਸਹੀ ਫਾਇਦਾ ਲਿਆ ਹੈ। ਉਸਦੀ ਜਿੱਤ ਨਾਲ ਪੂਰੇ ਭਾਰਤ ਵਿੱਚ ਖੁਸ਼ੀ ਦੀ ਲਹਿਰ ਹੈ।