ਸਿਨੇਮਾ ਜਗਤ ਨੂੰ ਹਿਲਾ ਕੇ ਰੱਖ ਦੇਣ ਵਾਲੀ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਪਿਛਲੇ ਕੁੱਝ ਸਾਲਾਂ ਵਿੱਚ, ਸਿਨੇਮਾ ਜਗਤ ਨੇ ਕਈ ਦਿੱਗਜ ਕਲਾਕਾਰਾਂ ਨੂੰ ਗੁਆ ਦਿੱਤਾ ਹੈ। ਪਿਛਲੇ ਦਿਨੀਂ ਸਾਊਥ ਦੇ ਸੁਪਰਸਟਾਰ ਮਹੇਸ਼ ਬਾਬੂ ਦੇ ਪਿਤਾ ਕ੍ਰਿਸ਼ਨਾ ਘਟਮਨੇਨੀ ਦਾ ਦਿਹਾਂਤ ਹੋ ਗਿਆ ਸੀ। ਹੁਣ ਇੱਕ ਹੋਰ ਬੁਰੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਬੀਤੇ ਦਿਨ ਪੰਜਾਬ ਦੀ ਹੇਮਾ ਮਾਲਿਨੀ ਦੇ ਨਾਮ ਨਾਲ ਜਾਣੀ ਜਾਂਦੀ ਮਸ਼ਹੂਰ ਅਦਾਕਾਰਾ ਦਲਜੀਤ ਕੌਰ ਦਾ ਦਿਹਾਂਤ ਹੋਇਆ ਹੈ। ਆਖਰੀ ਦਿਨ ਯਾਨੀ ਵੀਰਵਾਰ ਨੂੰ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ।
ਪਰ ਇਸ ਤੋਂ ਵੀ ਦੁੱਖ ਦੀ ਗੱਲ ਇਹ ਹੈ ਕਿ ਅਦਾਕਾਰਾ ਦੀ ਅੰਤਿਮ ਯਾਤਰਾ ‘ਚ ਉਨ੍ਹਾਂ ਨੂੰ ਅਲਵਿਦਸ ਆਖਣ ਲਈ ਕੋਈ ਨਹੀਂ ਪਹੁੰਚਿਆ। ਘਰ ਦੇ ਲੋਕਾਂ ਤੋਂ ਇਲਾਵਾ ਇੰਡਸਟਰੀ ਵਿੱਚੋਂ ਕੋਈ ਵੀ ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਨਹੀਂ ਹੋਇਆ। ਦਲਜੀਤ ਕੌਰ ਦੀ ਆਖਰੀ ਫਿਲਮ ‘ਮੋਗਾ ਤੋਂ ਮੈਲਬੋਰਨ ਵਾਇਆ ਚੰਡੀਗੜ੍ਹ’ ਸੀ। ਇਹ ਫਿਲਮ ਪੰਜਾਬ ਦੇ ਨੌਜਵਾਨਾਂ ਦੇ ਵਿਦੇਸ਼ ਜਾਣ ‘ਤੇ ਆਧਾਰਿਤ ਸੀ। ਇਸ ਫਿਲਮ ਵਿੱਚ ਦਲਜੀਤ ਕੌਰ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਕੰਮ ਕਰ ਰਹੇ ਸਨ। ਸੀ.ਐਮ.ਭਗਵੰਤ ਇਸ ਫ਼ਿਲਮ ਦੇ ਕਹਾਣੀਕਾਰ ਵੀ ਸਨ। ਇਸ ਫਿਲਮ ਦੀ ਸ਼ੂਟਿੰਗ ਸਾਲ 2013 ‘ਚ ਹੋਈ ਸੀ। ਪਰ ਅੱਜ ਤੱਕ ਇਹ ਫਿਲਮ ਰਿਲੀਜ਼ ਨਹੀਂ ਹੋਈ ਹੈ।
69 ਸਾਲਾ ਅਦਾਕਾਰਾ ਨੇ ਲੁਧਿਆਣਾ ਵਿੱਚ ਆਪਣੇ ਚਚੇਰੇ ਭਰਾ ਦੇ ਘਰ ਆਖਰੀ ਸਾਹ ਲਏ ਸਨ। ਦਲਜੀਤ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦਲਜੀਤ ਕੌਰ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸੀ। ਪਿਛਲੇ 3 ਸਾਲਾਂ ਤੋਂ ਅਦਕਾਰਾ ਬ੍ਰੇਨ ਟਿਊਮਰ ਨਾਲ ਲੜਾਈ ਲੜ ਰਹੀ ਸੀ। ਦਲਜੀਤ ਕੌਰ ਪਿਛਲੇ ਕਈ ਸਾਲਾਂ ਤੋਂ ਆਪਣੇ ਭਰਾ ਦੇ ਘਰ ਰਹਿ ਰਹੇ ਸੀ। ਪਤੀ ਹਰਮਿੰਦਰ ਸਿੰਘ ਦਿਓਲ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ।