ਰੋਜ਼ੀ ਰੋਟੀ ਖਾਤਿਰ ਵਿਦੇਸ਼ਾ ਜਾ ਵੱਸੇ ਪੰਜਾਬੀਆਂ ਦੀ ਦੂਜੀ ਪੀੜ੍ਹੀ ਹਰ ਖੇਤਰਾਂ ਵਿੱਚ ਵੱਡੀਆਂ ਮੱਲਾਂ ਮਾਰ ਰਹੀ ਹੈ। ਹਰ ਖੇਤਰ ਦੇ ਵਿੱਚ ਪੰਜਾਬੀਆਂ ਨੇ ਆਪਣਾ ਨਾਮ ਚਮਕਾਇਆ ਹੈ, ਭਾਵੇਂ ਭਾਰਤ ਹੋਵੇ ਜਾ ਭਾਰਤ ਤੋਂ ਬਾਹਰ ਦੀ ਗੱਲ ਹੋਵੇ। ਫਿਰ ਉਹ ਭਾਵੇ ਖੇਡਾਂ ਦਾ ਖੇਤਰ ਹੋਵੇ ਜਾ ਫਿਰ ਰਾਜਨੀਤੀ ਦਾ। ਜੇਕਰ ਦੁਨੀਆ ਦੇ ਅਮਰੀਕਾ, ਕੈਨੇਡਾ, ਇੰਗਲੈਂਡ ਜਾ ਨਿਊਜ਼ੀਲੈਂਡ ਆਦਿ ਵਰਗੇ ਵੱਡੇ ਦੇਸ਼ਾ ਦੀ ਗੱਲ ਕੀਤੀ ਜਾਵੇ ਤਾਂ ਹਰ ਦੇਸ਼ ਵਿੱਚ ਪੰਜਾਬੀ ਪ੍ਰਮੁੱਖ ਅਹੁਦਿਆਂ ‘ਤੇ ਹਨ। ਜਿਨ੍ਹਾਂ ਦੀ ਪੂਰੀ ਦੁਨੀਆ ਦੇ ਵਿੱਚ ਚਰਚਾ ਕੀਤੀ ਜਾਂਦੀ ਹੈ। ਇਸੇ ਤਰਾਂ ਹੁਣ ਪੰਜਾਬੀਆਂ ਦਾ ਮਾਣ ਵਧਾਉਣ ਵਾਲੀ ਇੱਕ ਖਬਰ ਦੂਜਾ ਪੰਜਾਬ ਕਹੇ ਜਾਂਦੇ ਦੇਸ਼ ਕੈਨੇਡਾ ਤੋਂ ਆਈ ਹੈ। ਜਿੱਥੇ ਐਲਬਰਟਾ ਮਿਉਂਸਿਪਲ ਚੋਣਾਂ ਦੇ ਨਤੀਜੇ ਆ ਗਏ ਹਨ ਅਤੇ ਪੰਜਾਬੀ ਮੂਲ ਦੇ ਕਈ ਉਮੀਦਵਾਰ ਚੋਣ ਜਿੱਤਣ ਵਿੱਚ ਕਾਮਯਾਬ ਰਹੇ ਹਨ I
ਐਲਬਰਟਾ ਦੀ ਰਾਜਨੀਤੀ ਵਿੱਚ ਨਵਾਂ ਇਤਿਹਾਸ ਸਿਰਜਦਿਆਂ ਭਾਰਤੀ ਮੂਲ ਦੇ ਦੋ ਪੰਜਾਬੀ ਉਮੀਦਵਾਰਾਂ ਨੇ ਸੂਬੇ ਦੇ ਦੋ ਵੱਡੇ ਸ਼ਹਿਰਾਂ – ਕੈਲਗਰੀ ਅਤੇ ਐਡਮੰਟਨ ਦੇ ਮੇਅਰ ਦੇ ਅਹੁਦੇ ‘ਤੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਐਡਮੰਟਨ ਸ਼ਹਿਰ ਵਿੱਚ ਮੇਅਰ ਦੀ ਚੋਣ ਲੜ ਰਹੇ ਪੰਜਾਬੀ ਮੂਲ ਦੇ ਸਾਬਕਾ ਮੰਤਰੀ ਅਮਰਜੀਤ ਸੋਹੀ ਜੇਤੂ ਰਹੇ ਹਨ। ਫ਼ੈਡਰਲ ਪੱਧਰ ‘ਤੇ ਸਰਗਰਮ ਸਿਆਸਤ ਤੋਂ ਬਾਅਦ ਸੋਹੀ ਵੱਲੋਂ ਮੁੜ ਤੋਂ ਮਿਉਂਸਿਪਲ ਸਿਆਸਤ ਦਾ ਰੁਖ਼ ਕੀਤਾ ਗਿਆ ਸੀ। 2015 ਵਿੱਚ ਐਲਬਰਟਾ ਸੂਬੇ ਵਿੱਚੋਂ ਪਹਿਲੀ ਵਾਰ ਐਮ ਪੀ ਚੁਣੇ ਗਏ ਸੋਹੀ , 2015 ਤੋਂ 2019 ਤੱਕ ਮੰਤਰੀ ਰਹਿ ਚੁੱਕੇ ਹਨ। ਸੋਹੀ ਐਡਮੰਟਨ ਸ਼ਹਿਰ ਦੇ ਮੇਅਰ ਬਣਨ ਵਾਲੇ ਪੰਜਾਬੀ ਮੂਲ ਦੇ ਪਹਿਲੇ ਵਿਅਕਤੀ ਹਨ। ਸੋਹੀ ਨੂੰ ਕਰੀਬ 45 ਫ਼ੀਸਦੀ ਵੋਟਾਂ ਮਿਲੀਆਂ ਜਦਕਿ ਉਹਨਾਂ ਦੇ ਨੇੜਲੇ ਵਿਰੋਧੀ , ਮਾਈਕ ਨਿੱਕਲ ਨੂੰ 25 ਪ੍ਰਤੀਸ਼ਤ ਵੋਟਾਂ ਪ੍ਰਾਪਤ ਹੋਈਆਂ। ਸੋਹੀ ਪੰਜਾਬ ਦੇ ਸੰਗਰੂਰ ਸ਼ਹਿਰ ਨਾਲ ਸੰਬੰਧਿਤ ਹਨ।
ਉੱਥੇ ਹੀ ਕੈਲਗਰੀ ਸ਼ਹਿਰ ਵਿੱਚ ਪੰਜਾਬੀ ਮੂਲ ਦੀ ਜੋਤੀ ਗੌਂਡੇਕ ਨੇ ਬਾਜ਼ੀ ਮਾਰੀ। ਕੌਂਸਲਰ ਰਹਿ ਚੁੱਕੀ ਜੋਤੀ , 26 ਉਮੀਦਵਾਰਾਂ ਨੂੰ ਹਰਾ ਕੈਲਗਰੀ ਦੀ ਪਹਿਲੀ ਔਰਤ ਮੇਅਰ ਬਣੀ ਹੈ। ਗੌਂਡੇਕ, ਪਹਿਲਾਂ ਵਾਰਡ ਨੰਬਰ 3 ਤੋਂ ਕੌਂਸਲਰ ਰਹਿ ਚੁੱਕੇ ਹਨ। ਜੋਤੀ ਨੇ ਕਰੀਬ 45 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ ਜਦਕਿ ਉਸਦੇ ਨੇੜਲੇ ਵਿਰੋਧੀ ਸਾਬਕਾ ਕੌਂਸਲਰ ਜੇਰੋਮੀ ਫਾਰਕਸ ਨੂੰ ਕਰੀਬ 30 ਪ੍ਰੀਤਸ਼ਤ ਵੋਟਾਂ ਪਈਆਂ। ਕੈਲਗਰੀ ਵਿੱਚੋਂ ਵਾਰਡ ਨੰਬਰ 5 ਤੋਂ ਪੰਜਾਬੀ ਮੂਲ ਦੇ ਰਾਜ ਧਾਲੀਵਾਲ ਜੇਤੂ ਰਹੇ ਹਨ। ਧਾਲੀਵਾਲ ਨੇ ਪੰਜਾਬੀ ਮੂਲ ਦੇ ਉਮੀਦਵਾਰ ਸਟੈਨ ਸੰਧੂ ਨੂੰ ਹਰਾਇਆ। ਧਾਲੀਵਾਲ ਨੂੰ ਕਰੀਬ 4600 ਅਤੇ ਸੰਧੂ ਨੂੰ ਕਰੀਬ 4200 ਵੋਟਾਂ ਪ੍ਰਾਪਤ ਹੋਈਆਂ। ਵਾਰਡ ਨੰਬਰ 5 ਪੰਜਾਬੀਆਂ ਦੀ ਬਹੁ ਵਸੋਂ ਵਾਲਾ ਇਲਾਕਾ ਹੈ।