ਅਮਰੀਕਾ ‘ਚ ਇੱਕ ਪੰਜਾਬੀ ਨੌਜਵਾਨ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸਮਾਣਾ ਸਬ ਡਵੀਜ਼ਨ ਦੇ ਪਿੰਡ ਤਲਵੰਡੀ ਮਲਿਕ ਦੇ ਕਰਨਵੀਰ ਸਿੰਘ ਦਾ ਕੈਲੀਫੋਰਨੀਆ (ਅਮਰੀਕਾ) ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਕਰਨਵੀਰ ਸਿੰਘ ਦੀ ਪਤਨੀ ਨਵਨੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਦੋ ਸਾਲ ਪਹਿਲਾਂ ਚੰਗੇ ਭਵਿੱਖ ਦੀ ਆਸ ਵਿੱਚ ਜ਼ਮੀਨ ਵੇਚ ਕੇ ਅਮਰੀਕਾ ਗਿਆ ਸੀ ਅਤੇ ਨੌਜਵਾਨ ਉੱਥੇ ਇੱਕ ਸਟੋਰ ਵਿੱਚ ਕੰਮ ਕਰਦਾ ਸੀ।
ਉਹ ਪਿਛਲੇ 3 ਦਿਨਾਂ ਤੋਂ ਫੋਨ ਨਹੀਂ ਚੁੱਕ ਰਿਹਾ ਸੀ ਅਤੇ ਨਾ ਹੀ ਉਨ੍ਹਾਂ ਨਾਲ ਗੱਲ ਕਰ ਰਿਹਾ ਸੀ, ਜਿਸ ਕਾਰਨ ਉਨ੍ਹਾਂ ਨੇ ਨਜ਼ਦੀਕੀ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਮੰਗਲਵਾਰ ਸਵੇਰੇ ਉਨ੍ਹਾਂ ਦੇ ਸਟੋਰ ਮਾਲਕ ਨੇ ਫੋਨ ਕਰਕੇ ਉਨ੍ਹਾਂ ਨੂੰ ਕਤਲ ਦੀ ਸੂਚਨਾ ਦਿੱਤੀ। ਪਰਿਵਾਰ ਮੁਤਾਬਿਕ ਨੌਜਵਾਨ ਨੂੰ ਤਿੰਨ ਗੋਲੀਆਂ ਮਾਰੀਆਂ ਗਈਆਂ ਸਨ। ਮੌਤ ਦੀ ਖਬਰ ਸੁਣ ਕੇ ਪਰਿਵਾਰ ਅਤੇ ਪਿੰਡ ‘ਚ ਸੋਗ ਦਾ ਮਾਹੌਲ ਹੈ। ਮ੍ਰਿਤਕ ਦੀ ਪਤਨੀ ਨਵਨੀਤ ਕੌਰ ਨੇ ਦੱਸਿਆ ਕਿ ਕਰਨਵੀਰ ਨੇ ਵਿਦੇਸ਼ ਜਾਣ ਲਈ ਆਪਣੀ ਜ਼ਮੀਨ ਵੇਚ ਕੇ 50 ਲੱਖ ਰੁਪਏ ਖਰਚ ਕੀਤੇ ਸਨ। ਉਹ ਉਥੇ ਗਿਆ ਅਤੇ 2 ਸਾਲ ਅਮਰੀਕਾ ਵਿਚ ਕੰਮ ਕੀਤਾ। ਪਰ ਪਿਛਲੇ 2 ਦਿਨਾਂ ਤੋਂ ਸਾਡੀ ਕਰਨਵੀਰ ਨਾਲ ਗੱਲ ਨਹੀਂ ਹੋ ਰਹੀ ਸੀ। ਅੱਜ ਪਰਿਵਾਰ ਨੂੰ ਇਹ ਦੁਖਦ ਖ਼ਬਰ ਮਿਲੀ ਹੈ।