ਰੋਜ਼ੀ ਰੋਟੀ ਖਾਤਿਰ ਬਹੁਤ ਸਾਰੇ ਪੰਜਾਬੀ ਵਿਦੇਸ਼ਾਂ ਵਿੱਚ ਕਮਾਈ ਕਰਨ ਲਈ ਜਾਂਦੇ ਹਨ। ਪਰ ਹੁਣ ਬਹੁਤ ਸਾਰੇ ਵਿਦਿਆਰਥੀ ਵੀ ਪੜ੍ਹਾਈ ਦੇ ਨਾਲ ਨਾਲ ਵਿਦੇਸ਼ਾਂ ‘ਚ ਜਾ ਕੇ ਕੰਮ ਕਰਦੇ ਹਨ। ਬਹੁਤ ਸਾਰੇ ਪੰਜਾਬੀਆਂ ਨੇ ਆਪਣੀ ਹਿੰਮਤ ਤੇ ਦਲੇਰੀ ਸਦਕਾ ਵਿਦੇਸ਼ਾਂ ਦੇ ਵਿੱਚ ਆਪਣਾ ਇੱਕ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਪਰ ਜਦੋਂ ਵਿਦੇਸ਼ਾਂ ਵਿੱਚ ਗਏ ਪੰਜਾਬੀਆਂ ਨਾਲ ਕੋਈ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ ਤਾਂ ਸਭ ਦੇ ਮਨ ਦੁਖੀ ਹੋ ਜਾਂਦੇ ਹਨ। ਹੁਣ ਅਜਿਹੀ ਹੀ ਦੁਖਦਾਈ ਖ਼ਬਰ ਕੈਨੇਡਾ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਪੰਜਾਬੀ ਨੌਜਵਾਨ ਦੀ ਸਮੁੰਦਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਇਸ ਪੰਜਾਬੀ ਨੌਜਵਾਨ ਦੀ ਪਛਾਣ ਸਾਹਿਲ ਕੰਬੋਜ ਦੇ ਵਜੋਂ ਹੋਈ ਹੈ, ਜੋ ਕਿ ਜਲਾਲਾਬਾਦ ਦਾ ਰਹਿਣ ਵਾਲਾ ਸੀ।
ਆਪਣੇ ਭਵਿੱਖ ਨੂੰ ਸੰਵਾਰਨ ਲਈ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਮੌਤ ਦੀ ਖਬਰ ਤੋਂ ਬਾਅਦ ਲੜਕੇ ਦੇ ਪਿੰਡ ਅਤੇ ਘਰ ‘ਚ ਮਾਤਮ ਛਾ ਗਿਆ ‘ਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਸਾਹਿਲ ਜਲਾਲਾਬਾਦ ਦੇ ਪਿੰਡ ਅਮੀਰ ਖਾਸ ਤੋਂ ਚੇਅਰਮੈਨ ਬਲਦੇਵ ਰਾਜ ਕੰਬੋਜ ਦਾ ਪੁੱਤਰ ਸੀ। ਮਿਲੀ ਜਾਣਕਾਰੀ ਅਨੁਸਾਰ ਸਾਹਿਲ ਆਪਣੇ ਦੋਸਤਾਂ ਨਾਲ ਸਮੁੰਦਰ ਦੇ ਕੰਢੇ ਘੁੰਮਣ ਗਿਆ ਸੀ, ਜਿੱਥੇ ਨਹਾਉਂਦੇ ਸਮੇਂ ਉਸ ਦੀ ਸਮੁੰਦਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਦੱਸ ਦੇਈਏ ਕਿ ਮ੍ਰਿਤਕ ਨੌਜਵਾਨ ਸਟੱਡੀ ਵੀਜ਼ਾ ‘ਤੇ ਕੈਨੇਡਾ ਗਿਆ ਹੋਇਆ ਸੀ।