ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਖੈਹਿਰਾ ਕਲਾਂ ‘ਚ ਉਸ ਵੇਲੇ ਮਾਹੌਲ ਗਮਗੀਣ ਹੋ ਗਿਆ, ਜੱਦੋਂ ਪਿੰਡ ਦੇ ਨੌਜਵਾਨ ਜੋਬਨ ਸਿੰਘ ਦੀ ਨਿਊਜੀਲੈਂਡ ’ਚੋ ਮੌਤ ਦੀ ਖ਼ਬਰ ਪਹੁੰਚੀ। ਦੱਸ ਦੇਈਏ ਕਿ ਘਰ ‘ਚ ਧੀ ਦੇ ਵਿਆਹ ਦੀਆ ਤਿਆਰੀਆਂ ਹੋ ਰਹੀਆਂ ਸੀ ਪਰ ਇਸੇ ਦੌਰਾਨ ਜਦੋਂ ਜਵਾਨ ਪੁੱਤ ਦੀ ਮੌਤ ਦਾ ਸੁਨੇਹਾ ਵਿਦੇਸ਼ ਤੋਂ ਆਇਆ ਤਾ ਘਰ ‘ਚ ਮਾਤਮ ਛਾ ਗਿਆ ਤੇ ਖੁਸ਼ੀਆਂ ਦੁੱਖਾਂ ‘ਚ ਬਦਲ ਗਈਆਂ, ਪਰਿਵਾਰ ਦਾ ਵੀ ਰੋ ਰੋ ਬੁਰਾ ਹਾਲ ਹੈ।
ਇਸ ਸਬੰਧੀ ਪਿੰਡ ਦੇ ਸਰਪੰਚ ਤੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਦੱਸਿਆ ਕਿ ਜੋਬਨ ਸਿੰਘ ਵਾਸੀ ਖੈਹਿਰਾ ਕਲਾਂ ਫਰਵਰੀ 2019 ’ਚ ਨਿਊਜੀਲੈਂਡ ਆਕਲੈਂਡ ਗਿਆ ਸੀ, ਜਿਸ ਦੀ 8 ਅਕਤੂਬਰ ਨੂੰ ਪਰਿਵਾਰ ਨਾਲ ਆਖਰੀ ਵਾਰ ਫੋਨ ‘ਤੇ ਗੱਲ ਹੋਈ ਸੀ ਅਤੇ ਉਸ ਤੋਂ ਬਾਅਦ ਜੋਬਨ ਦਾ ਫੋਨ ਅਤੇ ਨੈਟ ਬੰਦ ਆਉਂਣ ਲੱਗ ਪਿਆ ਅਤੇ ਉਨਾਂ ਦੀ ਉਸ ਨਾਲ ਗੱਲ ਹੋਣੀ ਬੰਦ ਹੋ ਗਈ ਅਤੇ ਪਰਿਵਾਰ ਦੇ ਵਾਰ ਵਾਰ ਕੋਸ਼ਿਸ਼ ਕਰਨ ਤੇ ਵੀ ਜੋਬਨ ਸਿੰਘ ਨਾਲ ਸਪੰਰਕ ਨਹੀਂ ਹੋ ਸਕਿਆ।
ਉਨਾਂ ਦੱਸਿਆ ਕਿ ਹੁਣ ਐਸ ਐਸ ਪੀ ਬਟਾਲਾ ਦਫਤਰ ਵਿਖੇ ਨਿਊਜੀਲੈਂਡ ਤੋਂ ਮੇਲ ਆਈ ਸੀ ਕਿ ਪਿੰਡ ਖੈਹਿਰਾਂ ਕਲਾਂ ਦੇ ਨੌਜਵਾਨ ਜੋਬਨ ਸਿੰਘ ਦੀ 14 ਅਕਤੂਬਰ ਦੀ ਮੌਤ ਹੋ ਗਈ ਹੈ, ਜੋਬਨ ਸਿੰਘ ਦੀ ਮੌਤ ਦੀ ਖ਼ਬਰ ਸੁਣਦਿਆਂ ਪਰਿਵਾਰਕ ਮੈਂਬਰਾਂ ਅਤੇ ਪਿੰਡ ’ਚ ਸ਼ੋਕ ਦੀ ਲਹਿਰ ਦੌੜ ਗਈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਥੇ ਹੀ ਪਰਿਵਾਰ ਦਾ ਕਹਿਣਾ ਹੈ ਕਿ ਘਰ ‘ਚ ਧੀ ਦੇ ਵਿਆਹ ਦੀਆ ਤਿਆਰੀਆਂ ਚਲ ਰਹੀਆਂ ਹਨ ਅਤੇ ਦਸੰਬਰ ਮਹੀਨੇ ਵਿਆਹ ਸੀ ਅਤੇ ਜੋਬਨ ਨੇ ਵੀ ਉਦੋਂ ਆਉਣਾ ਸੀ ਪਰ ਉਸ ਵਿਚਾਲੇ ਉਹਨਾਂ ਨੂੰ ਉਸ ਦੀ ਮੌਤ ਦਾ ਸੁਨੇਹਾ ਮਿਲਿਆ ਹੈ ਜਦਕਿ ਹੁਣ ਤੱਕ ਉਸ ਦੀ ਮੌਤ ਦੇ ਕਾਰਨਾਂ ਦਾ ਨਹੀਂ ਪਤਾ ਲਗਾ।