ਬਹੁਤ ਸਾਰੇ ਪੰਜਾਬੀ ਵਿਦੇਸ਼ਾਂ ਵਿੱਚ ਕਮਾਈ ਕਰਨ ਲਈ ਜਾਂਦੇ ਹਨ। ਪਰ ਹੁਣ ਬਹੁਤ ਸਾਰੇ ਵਿਦਿਆਰਥੀ ਵੀ ਪੜ੍ਹਾਈ ਦੇ ਨਾਲ ਨਾਲ ਵਿਦੇਸ਼ਾਂ ‘ਚ ਜਾ ਕੇ ਕੰਮ ਕਰਦੇ ਹਨ । ਪਰ ਜਦੋਂ ਵਿਦੇਸ਼ਾਂ ਵਿੱਚ ਗਏ ਪੰਜਾਬੀਆਂ ਨਾਲ ਕੋਈ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ ਤਾਂ ਸਭ ਦੇ ਮਨ ਦੁਖੀ ਹੋ ਜਾਂਦੇ ਹਨ। ਅਜਿਹੀ ਹੀ ਇੱਕ ਦੁਖਦਾਈ ਖਬਰ ਆਸਟ੍ਰੇਲੀਆ ਤੋਂ ਸਾਹਮਣੇ ਆਈ ਹੈ। ਜਿੱਥੋਂ ਆਪਣੇ ਚੰਗੇ ਭਵਿੱਖ ਲਈ ਆਸਟ੍ਰੇਲੀਆ ਗਏ ਪੰਜਾਬੀ ਨੌਜਵਾਨ ਦੀ ਇੱਕ ਦਰਦਨਾਕ ਸੜਕ ਹਾਦਸੇ ‘ਚ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ ਧਰਮਕੋਟ ਦੇ ਪਿੰਡ ਤਾਤਾਰਿਏ ਦਾ ਰਹਿਣ ਵਾਲਾ 34 ਸਾਲਾ ਨੌਜਵਾਨ ਸੁਖਦੀਪ ਸਿੰਘ 14 ਸਾਲ ਪਹਿਲਾਂ ਭਾਰਤ ਤੋਂ ਆਸਟ੍ਰੇਲੀਆ ਸਟੱਡੀ ਵੀਜੇ ‘ਤੇ ਆਇਆ ਸੀ ਤੇ ਕੁੱਝ ਸਮਾਂ ਪਹਿਲਾਂ ਹੀ ਉਸ ਨੂੰ PR ਮਿਲੀ ਸੀ। ਉੱਥੇ ਹੀ ਅਗਲੇ ਮਹੀਨੇ 14 ਸਾਲ ਬਾਅਦ ਸੁਖਦੀਪ ਨੇ ਵਾਪਿਸ ਪੰਜਾਬ ਜਾਣਾ ਸੀ। ਹਾਦਸਾ ਮੈਲਬੋਰਨ ਦੀ ਇੱਕ ਸੜਕ ‘ਤੇ ਉਸ ਵੇਲੇ ਵਾਪਰਿਆ, ਜਦੋਂ ਸੁਖਦੀਪ ਯਾਰ-ਦੋਸਤ ਵਲੋਂ ਖ੍ਰੀਦੀ ਗਈ ਨਵੀਂ ਗੱਡੀ ਵਿੱਚ ਪਰਿਵਾਰ ਨਾਲ ਕਿਤੇ ਘੁੰਮਣ ਜਾ ਰਿਹਾ ਸੀ। ਇਸ ਦੌਰਾਨ ਉਸ ਦੇ ਬੱਚੇ ਤੇ ਪਤਨੀ ਵੀ ਉਸਦੇ ਨਾਲ ਹੀ ਸਨ।
ਸੁਖਦੀਪ ਦੇ ਪਿਤਾ ਸਵਰਨ ਸਿੰਘ ਨੇ ਦੱਸਿਆ ਇੱਕ ਚੈੱਨਲ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪਰਿਵਾਰ ਸਣੇ ਕਾਰ ਵਿੱਚ ਜਾ ਰਿਹਾ ਸੀ ਕਿ ਕਾਰ ਬੇਕਾਬੂ ਹੋ ਕੇ ਪਲਟ ਗਈ, ਜਿਸ ਕਾਰਨ ਸੁਖਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਪਰਿਵਾਰ ਦੇ ਹੋਰ ਮੈਂਬਰ ਵਾਲ-ਵਾਲ ਬਚ ਗਏ। ਸੁਖਦੀਪ ਦੀ ਮਾਤਾ ਜਸਵੀਰ ਕੌਰ ਨੇ ਦੱਸਿਆ ਕਿ ਉਹ ਤਿੰਨ ਮਹੀਨੇ ਆਪਣੇ ਲੜਕੇ ਕੋਲ ਰਹਿਣ ਤੋਂ ਬਾਅਦ ਭਾਰਤ ਪਰਤੀ ਸੀ।