ਕੁੱਝ ਮਹੀਨੇ ਪਹਿਲਾਂ ਚਰਚਾ ‘ਚ ਆਏ ‘ਹਨੀ ਬੀਅਰ’ ਮਾਮਲੇ ‘ਚ ਹੁਣ ਇੱਕ ਵੱਡਾ ਖੁਲਾਸਾ ਹੋਇਆ ਹੈ। ਦਰਅਸਲ ਹਨੀ ਬੀਅਰ ਦੀਆਂ ਹਜ਼ਾਰਾਂ ਬੋਤਲਾਂ ‘ਚ ਕੰਬੂਚਾ ਡਰਿੰਕ ਅਤੇ ਨਾਰੀਅਲ ਪਾਣੀ ਵਿੱਚ ਰਲਾ ਕੇ ਮੈੱਥਮਫੈਟੇਮਾਈਨ (ਕਲਾਸ ਏ ਡਰਗ) ਨਿਊਜ਼ੀਲੈਂਡ ਇਮਪੋਰਟ ਕਰਨ ਦੇ ਮਾਮਲੇ ‘ਚ 31 ਸਾਲ ਦੇ ਪੰਜਾਬੀ ਨੌਜਵਾਨ ਨੇ ਆਪਣੇ ‘ਤੇ ਲੱਗੇ ਦੋਸ਼ ਕਬੂਲ ਲਏ ਹਨ। ਇਸ ਪੰਜਾਬੀ ਨੌਜਵਾਨ ਨੂੰ ਆਕਲੈਂਡ ਏਅਰਪੋਰਟ ਤੋਂ ਫੜਿਆ ਗਿਆ ਸੀ, ਜਦੋਂ ਉਹ ਦੁਬਈ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਨੌਜਵਾਨ ਤੋਂ $10,000 ਨਕਦੀ ਵੀ ਬਰਾਮਦ ਕੀਤੀ ਗਈ ਸੀ। ਉਸਦੇ ਘਰੋਂ ਖੜੀ ਗੱਡੀ ਦੀ ਡਿੱਗੀ ਚੋਂ $121,600 ਵੀ ਬਰਾਮਦ ਕੀਤੇ ਗਏ ਸਨ। ਦੱਸ ਦੇਈਏ ਇਸ ਨਸ਼ੇ ਰਲੀ ਬੀਅਰ ਨੂੰ ਪੀਣ ਕਾਰਨ ਇੱਕ ਨੌਜਵਾਨ ਨੂੰ ਆਪਣੀ ਜਾਨ ਗਵਾਉਣੀ ਪਈ ਸੀ, ਜਿਸ ਮਗਰੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਸੀ। ਫਿਰ ਪੁਲਿਸ ਨੇ ਆਪਰੇਸ਼ਨ ਲੈਵੇਂਡਰ ਸ਼ੁਰੂ ਕਰ ਮੈਨੁਕਾਊ ਦੀ ਇੱਕ ਯੂਨਿਟ ਤੋਂ 28,000 ਕੇਨ ਹਨੀ ਬੀਅਰ (ਕੈਨੇਡਾ ਤੋਂ), 22,680 ਕੰਬੂਚਾ ਕੇਨ (ਲੋਸ ਐਂਜਲਸ ਤੋਂ), 1440 ਕੇਨ ਨਾਰੀਅਲ ਪਾਣੀ ਦੇ (ਨਿਊ ਦਿੱਲੀ ਤੋਂ) ਬਰਾਮਦ ਕੀਤੇ ਜਿਨ੍ਹਾਂ ਵਿੱਚ ਲਿਕੁਅਡ ਮੈੱਥ ਸੀ ਤੇ ਇਸੇ ਥਾਂ ‘ਤੇ ਇਸਨੂੰ ਠੋਸ ਰੂਪ ‘ਚ ਬਦਲਿਆ ਜਾਂਦਾ ਸੀ। ਉੱਥੇ ਹੀ ਇਸ ਪੰਜਾਬੀ ਮਾਮਲੇ ‘ਚ ਦੂਜੇ ਨੌਜਵਾਨ ‘ਤੇ ਵੀ ਅਗਲੇ ਹਫ਼ਤੇ ਟ੍ਰਾਇਲ ਸ਼ੁਰੂ ਹੋਵੇਗਾ।
