ਕਹਿੰਦੇ ਨੇ ਕਿ ਖੇਡਾਂ ਬੰਦੇ ਨੂੰ ਸਿਰਫ ਸਰੀਰਕ ਪੱਖੋਂ ਹੀ ਨਹੀਂ ਦਿਮਾਗੀ ਤੌਰ ‘ਤੇ ਵੀ ਮਜ਼ਬੂਤ ਬਣਾਉਂਦੀਆਂ ਨੇ ਜਿਸ ਦੇ ਕਾਰਨ ਇੱਕ ਖਿਡਾਰੀ ਹਮੇਸ਼ਾ ਹੀ ਉਮਰ ਨੂੰ ਇੱਕ ਨੰਬਰ ਵੱਜੋਂ ਦੇਖਦਾ ਹੈ। ਅਜਿਹਾ ਇੱਕ ਕਰਨਾਮਾ ਕੀਤਾ ਹੈ ਸੁਖਦੇਵ ਸਿੰਘ ਦੇਬਾ ਮਾਨ ਨੇ ਜਿਨ੍ਹਾਂ ਨੇ ਅੱਧਖੜ ਉਮਰ ‘ਚ 4 ਗੋਲਡ ਮੈਡਲ ਜਿੱਤ ਇੱਕ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਦੱਸ ਦੇਈਏ ਉਨ੍ਹਾਂ ਨੇ ਬੀਤੇ ਸ਼ਨੀਵਾਰ ਪਾਲਮਰਸਟਨ ਨਾਰਥ ਵਿਖੇ ਹੋਈ ਆਈ ਐਫ ਬੀਬੀ ਪ੍ਰੋ ਲੀਗ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਦੇ ਭਾਰ ਅਤੇ ਉਮਰ ਵਰਗ ਦੇ ਮੁਕਾਬਲਿਆਂ ‘ਚ ਇਹ ਮੈਡਲ ਜਿੱਤੇ ਹਨ। ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਦੇਬਾ ਮਾਨ ਨੇ ਪਹਿਲੀ ਵਾਰ ਇਸ ਚੈਂਪੀਅਨਸ਼ਿਪ ‘ਚ ਭਾਗ ਲਿਆ ਸੀ। ਉਨ੍ਹਾਂ ਦੀ ਇਸ ਪ੍ਰਾਪਤੀ ਸਮੂਹ ਭਾਈਚਾਰੇ ਨੂੰ ਜਿੱਥੇ ਮਾਣ ਹੈ ਉੱਥੇ ਹੀ ਉਨ੍ਹਾਂ ਦੀ ਇਹ ਪ੍ਰਾਪਤੀ ਬੱਚਿਆਂ ਅਤੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹੈ। ਜ਼ਿਕਰਯੋਗ ਹੈ ਕਿ ਸੁਖਦੇਵ ਸਿੰਘ ਦੇਬਾ ਮਾਨ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਦੇ ਸਰਗਰਮ ਮੈਂਬਰ ਵੀ ਹਨ ਅਤੇ ਬੀਤੇ 25 ਸਾਲਾਂ ਤੋਂ ਸੰਗਤਾਂ ਅਤੇ ਗੁਰਦੁਆਰਾ ਸਾਹਿਬ ਦੀ ਸੇਵਾ ਨਿਭਾਅ ਰਹੇ ਹਨ। ਸੁਪਰੀਮ ਸਿੱਖ ਸੁਸਾਇਟੀ ਵੱਲੋਂ ਵੀ ਉਨ੍ਹਾਂ ਦੀ ਇਸ ਪ੍ਰਾਪਤੀ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ ਹੈ।