ਪੰਜਾਬ ਵਿੱਚ ਨਵੀਂ ਸਰਕਾਰ ਬਣਦੇ ਹੀ ਜ਼ੁਰਮ ਨਾਲ ਜੁੜੇ ਮਾਮਲੇ ਵੀ ਸੁਰਖੀਆਂ ਵਿੱਚ ਆਉਣ ਲੱਗੇ ਹਨ। ਹਾਲੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲ ਦਾ ਮਾਮਲਾ ਠੰਡਾ ਨਹੀਂ ਹੋਇਆ ਕਿ ਹੁਣ ਪੰਜਾਬੀ ਗਾਇਕ ਗੈਂਗਸਟਰਾਂ ਦੀ ਰਡਾਰ ‘ਤੇ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪੁਲਿਸ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਸਾਹਮਣੇ ਆਈ ਹੈ ਕਿ ਮਨਕੀਰਤ ਔਲਖ ਸਣੇ ਚਾਰ ਪੰਜਾਬੀ ਗਾਇਕ ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਹਨ। ਦੱਸਿਆ ਜਾ ਰਿਹਾ ਹੈ ਕਿ ਮਨਕੀਰਤ ਔਲਖ ਨੂੰ ਧਮਕੀ ਮਿਲ ਚੁੱਕੀ ਹੈ। ਇਸ ਸਬੰਧੀ ਉਹ ਸੀਐੱਮ ਭਗਵੰਤ ਮਾਨ ਨੂੰ ਮਿਲ ਸਕਦੇ ਹਨ ਅਤੇ ਸੀਐੱਮ ਕੋਲ ਸੁਰੱਖਿਆ ਦਾ ਮੁੱਦਾ ਚੁੱਕ ਸਕਦੇ ਹਨ।
ਇਸ ਧਮਕੀ ਨੂੰ ਫਿਰੌਤੀ ਮੰਗਣ ਤੇ ਹਥਿਆਰ ਵਾਲੇ ਗੀਤ ਨਾ ਗਾਉਣ ਨਾਲ ਜੋੜਿਆ ਜਾ ਰਿਹਾ ਹੈ। ਪੰਜਾਬ ਪੁਲਿਸ ਨੇ ਹਾਲ ਹੀ ਵਿੱਚ ਗੈਂਗਸਟਰਾਂ ਦੇ ਕੁੱਝ ਗੁਰਗੇ ਕਾਬੂ ਕੀਤੇ ਸਨ। ਉਨ੍ਹਾਂ ਤੋਂ ਪੁੱਛ-ਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਹੈ, ਜਿਸ ਵਿੱਚ ਕਿਤੇ ਵੀ ਉਸ ਦੇ ਸ਼ੋਅ ਵਿੱਚ ਹਮਲੇ ਦੀ ਸਾਜ਼ਿਸ਼ ਰਚਣ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਤੋਂ ਬਾਅਦ ਸਿੰਗਰ ਔਲਖ ਨੂੰ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ।