ਯੂਕੇ ਰਹਿੰਦੇ ਪੰਜਾਬੀ ਗਾਇਕ ਬਲਵਿੰਦਰ ਸਫਰੀ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ ਹੈ। ਦਰਅਸਲ, ਸਿੰਗਰ ਕੁੱਝ ਦਿਨਾਂ ਤੋਂ ਹਸਪਤਾਲ ‘ਚ ਭਰਤੀ ਸਨ। ਉਨ੍ਹਾਂ ਨੂੰ ਛੁੱਟੀ ਵੀ ਦੇ ਦਿੱਤੀ ਗਈ ਸੀ ਪਰ ਘਰ ਆ ਕੇ ਉਨ੍ਹਾਂ ਦੀ ਮੌਤ ਹੋ ਗਈ। ਬਲਵਿੰਦਰ ਸਫਰੀ 63 ਸਾਲ ਦੇ ਸਨ। ਮਰਹੂਮ ਗਾਇਕ ‘ਭੰਗੜਾ ਸਟਾਰ’ ਵਜੋਂ ਜਾਣੇ ਜਾਂਦੇ ਸਨ। ਉਨ੍ਹਾਂ ਨੇ ਕਈ ਹਿੱਟ ਗੀਤ ਗਏ ਹਨ। ਇਨ੍ਹਾਂ ‘ਚ ‘ਓ ਚੰਨ ਮੇਰਾ ਮੱਖਨਾ’, ‘ਪਾਓ ਭੰਗੜਾ’ ਅਤੇ ‘ਗਲ ਸੁਣ ਕੁਡੀਏ’ ਵਰਗੇ ਮਸ਼ਹੂਰ ਹਿੱਟ ਗੀਤ ਸ਼ਾਮਿਲ ਹਨ। ਉਨ੍ਹਾਂ ਨੇ ਸਾਲ 1990 ਵਿੱਚ ਸਫਾਰੀ ਬੁਆਏਜ਼ ਬੈਂਡ ਬਣਾਇਆ ਸੀ। ਬਲਵਿੰਦਰ ਸਫਰੀ ਦੇ ਦਿਹਾਂਤ ਨਾਲ ਪੰਜਾਬੀ ਇੰਡਸਟਰੀ ‘ਚ ਸੋਗ ਦੀ ਲਹਿਰ ਹੈ। ਦਿਲਜੀਤ ਦੋਸਾਂਝ, ਗੁਰੂ ਰੰਧਾਵਾ, ਗੁਰਦਾਸ ਮਾਨ ਅਤੇ ਨੀਰੂ ਬਾਜਵਾ ਨੇ ਗਾਇਕ ਨੂੰ ਸ਼ਰਧਾਂਜਲੀ ਦਿੰਦੇ ਹੋਏ ਪੋਸਟ ਸ਼ੇਅਰ ਕੀਤੀ ਹੈ।
ਜਾਣਕਾਰੀ ਮੁਤਾਬਿਕ ਬਲਵਿੰਦਰ ਸਫਰੀ ਨੂੰ Wolverhampton ਦੇ ਨਿਊ ਕਰਾਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਅਪ੍ਰੈਲ 2022 ਵਿੱਚ, ਉਨ੍ਹਾਂ ਨੇ ਦਿਲ ਨਾਲ ਸਬੰਧਤ ਸਮੱਸਿਆਵਾਂ ਦੀ ਸ਼ਿਕਾਇਤ ਕੀਤੀ ਸੀ। ਉਨ੍ਹਾਂ ਦੀਆਂ ਤਿੰਨ ਬਾਈਪਾਸ ਸਰਜਰੀਆਂ ਵੀ ਹੋਈਆਂ ਸਨ। ਇਸ ਤੋਂ ਬਾਅਦ brain damage ਹੋਣ ਕਾਰਨ ਉਹ ਕੋਮਾ ਵਿੱਚ ਚੱਲੇ ਗਏ ਸੀ। ਬਲਵਿੰਦਰ ਸਫਰੀ ਨੂੰ ਕਰੀਬ 86 ਦਿਨ ਹਸਪਤਾਲ ਵਿਚ ਬਿਤਾਉਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਸੀ। ਉਹ ਹੌਲੀ-ਹੌਲੀ ਠੀਕ ਹੋ ਰਹੇ ਸਨ ਪਰ ਮੰਗਲਵਾਰ ਨੂੰ ਉਨ੍ਹਾਂ ਨੇ ਆਖਰੀ ਸਾਹ ਲਏ।