ਲਹਿੰਦੇ ਪੰਜਾਬ ਤੋਂ ਪੰਜਾਬੀ ਭਾਸ਼ਾ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਪਾਕਿਸਤਾਨ ਦੀ ਪੰਜਾਬ ਵਿਧਾਨ ਸਭਾ ਦੇ ਮੈਂਬਰ ਹੁਣ ਸਦਨ ‘ਚ ਅੰਗਰੇਜ਼ੀ ਅਤੇ ਉਰਦੂ ਤੋਂ ਇਲਾਵਾ ਪੰਜਾਬੀ ਸਮੇਤ ਘੱਟੋ-ਘੱਟ ਚਾਰ ਸਥਾਨਕ ਭਾਸ਼ਾਵਾਂ ਵਿੱਚ ਗੱਲ ਕਰ ਸਕਣਗੇ। ਇਸ ਸਬੰਧੀ ਇੱਕ ਸੋਧ ਕੀਤੀ ਗਈ ਹੈ। ‘ਐਕਸਪ੍ਰੈਸ ਟ੍ਰਿਬਿਊਨ’ ਅਖਬਾਰ ਦੀ ਖ਼ਬਰ ਅਨੁਸਾਰ ਪਾਕਿਸਤਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਮਲਿਕ ਮੁਹੰਮਦ ਅਹਿਮਦ ਖਾਨ ਦੀ ਅਗਵਾਈ ਵਾਲੀ ਸਦਨ ਦੀ ਵਿਸ਼ੇਸ਼ ਕਮੇਟੀ ਨੇ ਵੀਰਵਾਰ ਨੂੰ ਉਨ੍ਹਾਂ ਸੋਧਾਂ ਨੂੰ ਮਨਜ਼ੂਰੀ ਦੇ ਦਿਤੀ ਹੈ, ਜਿਸ ਨਾਲ ਮੈਂਬਰ ਸਦਨ ‘ਚ ਅੰਗਰੇਜ਼ੀ ਅਤੇ ਉਰਦੂ ਦੇ ਨਾਲ-ਨਾਲ ਪੰਜਾਬੀ, ਸਰਾਇਕੀ, ਪੋਠੋਹਾਰੀ ਅਤੇ ਮੇਵਾਤੀ ਵਿੱਚ ਸੰਬੋਧਨ ਦੀ ਇਜਾਜ਼ਤ ਹੋਵੇਗੀ। ਇਸ ਤੋਂ ਪਹਿਲਾਂ ਕਿਸੇ ਵੀ ਅਸੈਂਬਲੀ ਮੈਂਬਰ ਨੂੰ ਅੰਗਰੇਜ਼ੀ ਤੇ ਉਰਦੂ ਤੋਂ ਇਲਾਵਾ ਕਿਸੇ ਹੋਰ ਭਾਸ਼ਾ ’ਚ ਬੋਲਣ ਲਈ ਸਪੀਕਰ ਦੀ ਆਗਿਆ ਲੈਣੀ ਪੈਂਦੀ ਸੀ।
