ਬਹੁਤ ਸਾਰੇ ਪੰਜਾਬੀ ਵਿਦੇਸ਼ਾਂ ਵਿੱਚ ਕਮਾਈ ਕਰਨ ਲਈ ਜਾਂਦੇ ਹਨ। ਪਰ ਹੁਣ ਬਹੁਤ ਸਾਰੇ ਵਿਦਿਆਰਥੀ ਵੀ ਪੜ੍ਹਾਈ ਦੇ ਨਾਲ ਨਾਲ ਵਿਦੇਸ਼ਾਂ ‘ਚ ਜਾ ਕੇ ਕੰਮ ਕਰਦੇ ਹਨ । ਬਹੁਤ ਸਾਰੇ ਪੰਜਾਬੀਆਂ ਨੇ ਆਪਣੀ ਹਿੰਮਤ ਤੇ ਦਲੇਰੀ ਸਦਕਾ ਵਿਦੇਸ਼ਾਂ ਦੇ ਵਿੱਚ ਆਪਣਾ ਇੱਕ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਪਰ ਜਦੋਂ ਵਿਦੇਸ਼ਾਂ ਵਿੱਚ ਗਏ ਪੰਜਾਬੀਆਂ ਨਾਲ ਕੋਈ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ ਤਾਂ ਸਭ ਦੇ ਮਨ ਦੁਖੀ ਹੋ ਜਾਂਦੇ ਹਨ। ਹੁਣ ਅਜਿਹੀ ਹੀ ਦੁਖਦਾਈ ਖ਼ਬਰ ਨਿਊਜ਼ੀਲੈਂਡ ਤੋਂ ਆਈ ਹੈ।
ਆਪਣੇ ਭਵਿੱਖ ਨੂੰ ਸੰਵਾਰਨ ਲਈ ਵਿਦੇਸ਼ ਗਈ ਪੰਜਾਬ ਦੀ ਇੱਕ ਨੌਜਵਾਨ ਕੁੜੀ ਦੀ ਮੌਤ ਦੀ ਖਬਰ ਪ੍ਰਾਪਤ ਹੋਈ ਹੈ ਜਿਸ ਨਾਲ ਲੜਕੀ ਦੇ ਪਿੰਡ ਤੇ ਘਰ ‘ਚ ਮਾਤਮ ਛਾ ਗਿਆ ‘ਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਇਹ ਮੰਦਭਾਗੀ ਘਟਨਾ ਨਿਊਜ਼ੀਲੈਂਡ ਦੇ ਵਿੱਚ ਵਾਪਰੀ ਹੈ। ਜਾਣਕਾਰੀ ਦੇ ਅਨੁਸਾਰ ਲੜਕੀ ਦਾ ਨਾਮ ਪਲਵਿੰਦਰ ਕੌਰ ਸੀ, ਜਿਸ ਦੀ ਉਮਰ 28 ਸਾਲ ਸੀ। ਪਲਵਿੰਦਰ ਕੌਰ ਪੰਜਾਬ ਦੇ ਪਿੰਡ ਅਨੈਤਪੁਰਾ, ਜਿਲ੍ਹੇ ਅੰਮ੍ਰਿਤਸਰ ਦੀ ਅਜਨਾਲਾ ਤਹਿਸੀਲ ਨਾਲ ਸਬੰਧਤ ਸੀ। ਜਾਣਕਰੀ ਅਨੁਸਾਰ ਪਲਵਿੰਦਰ ਕੌਰ ਕਰੀਬ ਦੋ ਸਾਲ ਪਹਿਲਾ ਹੀ ਨਿਊਜ਼ੀਲੈਂਡ ਆਈ ਸੀ।
ਇਹ ਹਾਦਸਾ ਮੰਗਲਵਾਰ ਰਾਤ ਨੂੰ ਵਾਪਰਿਆ ਹੈ, ਜਦੋ ਪਲਵਿੰਦਰ 11 ਵਜੇ ਰਾਤ ਕੰਮ ਤੋਂ ਛੁੱਟੀ ਕਰਕੇ ਘਰੇ ਜਾ ਰਹੀ ਸੀ ਅਤੇ ਰਸਤੇ ਵਿੱਚ ਜਾਂਦੇ ਸਮੇ ਇੱਕ ਗੱਡੀ ਵਾਲੇ ਨੇ ਉਸ ਦੀ ਕਾਰ ਵਿੱਚ ਟੱਕਰ ਮਾਰ ਦਿੱਤੀ। ਟੱਕਰ ਕਾਰਨ ਨਾਲ ਪਲਵਿੰਦਰ ਗੰਭੀਰ ਰੂਪ ‘ਚ ਜ਼ਖਮੀ ਹੋ ਗਈ। ਜਿਸ ਤੋਂ ਬਾਅਦ ਉਸ ਨੂੰ ਹੈਲੀਕਾਪਟਰ ਰਾਹੀਂ ਆਕਲੈਂਡ ਹਸਪਤਾਲ ‘ਚ ਲਿਆਂਦਾ ਗਿਆ ਸੀ। ਪਰ ਹਾਲਾਤ ਨਾਜ਼ੁਕ ਹੋਣ ਕਰਕੇ ਰਸਤੇ ਵਿੱਚ ਹੀ ਉਸ ਨੇ ਦਮ ਤੋੜ ਦਿੱਤਾ। ਪਲਵਿੰਦਰ ਦੀ ਲਾਸ਼ ਪੋਸਟ-ਮਾਰਟਮ ਪਿੱਛੋਂ ਉਟਾਹੂਹੂ ਦੇ ਮ੍ਰਿਤਕ ਦੇਹ ਸੰਭਾਲ ਕੇਂਦਰ `ਚ ਰੱਖ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਪਲਵਿੰਦਰ ਕੌਰ ਨਿਊਜੀਲੈਂਡ ਵਿੱਚ ਵਰਕ ਵੀਜਾ ‘ਤੇ ਸੀ ਅਤੇ ਬਤੌਰ ਨਰਸ ਵੱਜੋਂ ਕੰਮ ਕਰ ਰਹੀ ਸੀ। ਪਲਵਿੰਦਰ ਕੌਰ ਦੇ ਪਰਿਵਾਰ ਨੇ ਮ੍ਰਿਤਕ ਦੇਹ ਇੰਡੀਆ ਭੇਜਣ ਦੀ ਅਪੀਲ ਕੀਤੀ ਹੈ। ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜੀਲੈਂਡ ਦੇ ਬੁਲਾਰੇ ਦਲਜੀਤ ਸਿੰਘ ਵੱਲੋ ਇਸ ਸਮੇ ਮ੍ਰਿਤਕਾਂ ਦੇ ਪਰਿਵਾਰ ਦੀ ਹਰ ਸੰਭਵ ਸਹਾਇਤਾ ਵੀ ਕੀਤੀ ਜਾ ਰਹੀ ਹੈ।