ਕੈਨੇਡਾ ‘ਚ ਪੰਜਾਬ ਦੀ ਇੱਕ ਸਿੱਖ ਲੜਕੀ ਦੀ ਬੇਰਹਿਮੀ ਨਾਲ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਕੈਨੇਡਾ ‘ਚ ਇੱਕ ਹਫਤੇ ਦੇ ਅੰਦਰ ਭਾਰਤੀ ਮੂਲ ਦੇ ਲੋਕਾਂ ‘ਤੇ ਹਮਲੇ ਦਾ ਇਹ ਤੀਜਾ ਮਾਮਲਾ ਹੈ। ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਸੀਸੀਟੀਵੀ ਵਿੱਚ ਕੈਦ ਹੋ ਗਿਆ। ਮ੍ਰਿਤਕ ਲੜਕੀ ਦੀ ਪਛਾਣ 21 ਸਾਲਾ ਪਵਨਪ੍ਰੀਤ ਕੌਰ ਵਜੋਂ ਹੋਈ ਹੈ। ਰਿਪੋਰਟਾਂ ਮੁਤਾਬਿਕ ਪਵਨਪ੍ਰੀਤ ਦਾ ਸਾਰਾ ਪਰਿਵਾਰ ਕਾਫੀ ਸਮਾਂ ਪਹਿਲਾਂ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਵਸ ਗਿਆ ਸੀ। ਰਾਤ 10:30 ਵਜੇ ਉਹ ਕੁੱਝ ਸਾਮਾਨ ਲੈਣ ਲਈ ਬਾਹਰ ਗਈ ਸੀ। ਉਹ ਪੈਟਰੋਲ ਪੰਪ ‘ਚ ਬਣੇ ਰਿਟੇਲ ਸਟੋਰ ਦੇ ਬਾਹਰ ਹੀ ਸੀ ਕਿ ਇੱਕ ਅਣਪਛਾਤੇ ਦੋਸ਼ੀ ਨੇ ਆ ਕੇ ਪਵਨਪ੍ਰੀਤ ਨੂੰ ਨਿਸ਼ਾਨਾ ਬਣਾਇਆ ਅਤੇ ਫਾਇਰਿੰਗ ਕਰਕੇ ਫ਼ਰਾਰ ਹੋ ਗਿਆ। ਮੌਕੇ ‘ਤੇ ਪੁੱਜੀ ਪੁਲਿਸ ਨੇ ਪੈਟਰੋਲ ਪੰਪ ‘ਤੇ ਹੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਦਾ ਕਹਿਣਾ ਹੈ ਕਿ ਪਵਨਪ੍ਰੀਤ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ।
ਪੁਲਿਸ ਨੇ ਪੈਟਰੋਲ ਪੰਪ ਅਤੇ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਸਕੈਨਿੰਗ ਸ਼ੁਰੂ ਕਰ ਦਿੱਤੀ ਹੈ। ਜਿਸ ਵਿੱਚ ਉਸ ਨੇ ਮੁਲਜ਼ਮ ਨੂੰ ਸਾਫ਼ ਦੇਖਿਆ ਹੈ। ਪੁਲਿਸ ਕਾਤਲ ਨੂੰ ਲੱਭਣ ਲਈ ਆਪਣੇ ਰਿਕਾਰਡ ਦੀ ਜਾਂਚ ਕਰ ਰਹੀ ਹੈ। ਕੈਨੇਡਾ ਵਿੱਚ ਇੱਕ ਹਫ਼ਤੇ ਵਿੱਚ ਭਾਰਤੀ ਮੂਲ ਦੇ ਲੋਕਾਂ ਉੱਤੇ ਹਮਲੇ ਦੀ ਇਹ ਤੀਜੀ ਵੱਡੀ ਘਟਨਾ ਹੈ। ਕੁੱਝ ਦਿਨ ਪਹਿਲਾਂ ਹੀ 18 ਸਾਲਾ ਮਹਿਕਪ੍ਰੀਤ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਦੇ ਨਾਲ ਹੀ ਇਕ ਭਾਰਤੀ ਵਪਾਰੀ ‘ਤੇ ਵੀ ਲੁੱਟ-ਖੋਹ ਦੇ ਇਰਾਦੇ ਨਾਲ ਹਮਲਾ ਕੀਤਾ ਗਿਆ ਸੀ।