ਅਮਰੀਕਾ ‘ਚ 4 ਭਾਰਤੀਆਂ ਨੂੰ ਅਗਵਾ ਕਰਨ ਤੋਂ ਬਾਅਦ ਕਤਲ ਕਰਨ ਦੇ ਮਾਮਲੇ ‘ਚ ਇੱਕ ਵੱਡਾ ਖੁਲਾਸਾ ਹੋਇਆ ਹੈ। ਦਰਅਸਲ ਸ਼ੱਕੀ ਮੈਨੁਅਲ ਸਾਲਗਾਡੋ ਕੋਲਡ ਡਰਿੰਕਸ ਦੀਆਂ ਖਾਲੀ ਬੋਤਲਾਂ ਚੁੱਕਣ ਦੇ ਬਹਾਨੇ ਦਫਤਰ ‘ਚ ਦਾਖਲ ਹੋਇਆ ਸੀ। ਜਸਦੀਪ ਸਿੰਘ ਨੇ ਉਸ ਨੂੰ ਆਵਾਜ਼ ਮਾਰ ਕੇ ਬੁਲਾਇਆ ਸੀ। ਕੁੱਝ ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਜਸਦੀਪ ਨੇ ਇੱਕ ਮਹੀਨਾ ਪਹਿਲਾਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ, ਜਿਸ ਦਾ ਬਦਲਾ ਲੈਣ ਲਈ ਉਸ ਨੇ ਪੂਰੀ ਸਾਜ਼ਿਸ਼ ਰਚੀ।
ਦਫਤਰ ਵਿੱਚ ਦਾਖਲ ਹੋਣ ਤੋਂ ਬਾਅਦ ਮੈਨੂਅਲ ਸਾਲਗਾਡੋ ਨੇ ਜਸਦੀਪ ਸਿੰਘ, ਉਸ ਦੇ ਵੱਡੇ ਭਰਾ ਅਮਨਦੀਪ, ਪਤਨੀ ਜਸਲੀਨ ਕੌਰ ਅਤੇ 8 ਮਹੀਨੇ ਦੀ ਬੇਟੀ ਆਰੋਹੀ ਨੂੰ ਬੰਦੂਕ ਦੀ ਨੋਕ ‘ਤੇ ਅਗਵਾ ਕਰ ਲਿਆ ਅਤੇ ਫਿਰ ਸਾਰਿਆਂ ਨੂੰ ਗੋਲੀਆਂ ਮਾਰ ਦਿੱਤੀਆਂ। ਇਸ ਗੱਲ ਦਾ ਪ੍ਰਗਟਾਵਾ ਜਲੰਧਰ ਜ਼ਿਲ੍ਹੇ ਦੀ ਬਲਾਕ ਸੰਮਤੀ ਦੇ ਪ੍ਰਧਾਨ ਕੇਸ਼ਵ ਸਿੰਘ ਸੈਣੀ ਨੇ ਕੀਤਾ ਹੈ। ਕੇਸ਼ਵ ਸਿੰਘ ਸੈਣੀ ਦਾ ਭਤੀਜਾ ਅਮਨਦੀਪ ਅਤੇ ਜਸਦੀਪ ਸਿੰਘ ਨਾਲ ਅਮਰੀਕਾ ਵਿੱਚ ਟਰਾਂਸਪੋਰਟ ਦਾ ਕਾਰੋਬਾਰ ਚਲਾਉਂਦਾ ਹੈ।
ਕੇਸ਼ਵ ਸੈਣੀ ਦੇ ਅਨੁਸਾਰ, ਸ਼ੱਕੀ ਕਾਤਲ ਮੈਨੂਅਲ ਸਾਲਗਾਡੋ ਨੇ ਇੱਕ ਮਹੀਨੇ ਦੇ ਅੰਦਰ-ਅੰਦਰ ਅਮਨਦੀਪ ਅਤੇ ਜਸਦੀਪ ਵੱਲੋਂ ਨੌਕਰੀ ਤੋਂ ਕੱਢੇ ਜਾਣ ਤੋਂ ਬਾਅਦ ਉਸੇ ਖੇਤਰ ਵਿੱਚ ਖਾਲੀ ਬੋਤਲਾਂ ਅਤੇ ਕਬਾੜ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। 3 ਅਕਤੂਬਰ ਨੂੰ ਵੀ ਉਹ ਦੋਵੇਂ ਭਰਾਵਾਂ ਦੇ ਨਵੇਂ ਦਫ਼ਤਰ ਦੇ ਬਾਹਰ ਕੋਲਡ ਡਰਿੰਕ ਦੀਆਂ ਖਾਲੀ ਬੋਤਲਾਂ ਅਤੇ ਕਬਾੜ ਇਕੱਠਾ ਕਰ ਰਿਹਾ ਸੀ।
ਜਸਦੀਪ ਨੇ ਮੈਨੂਅਲ ਸਾਲਗਾਡੋ ਨੂੰ ਦੇਖ ਕੇ ਆਪਣੇ ਦਫਤਰ ਤੋਂ ਬਾਹਰ ਆ ਕੇ ਉਸ ਨੂੰ ਬੁਲਾਇਆ। ਜਸਦੀਪ ਨੇ ਉਸਨੂੰ ਦੱਸਿਆ ਕਿ ਉਸਦੇ ਦਫਤਰ ਦੇ ਡਸਟਬਿਨ ਵਿੱਚ ਵੀ ਕੁਝ ਖਾਲੀ ਬੋਤਲਾਂ ਪਈਆਂ ਹਨ, ਜੋ ਉਸਨੂੰ ਚੁੱਕਣੀਆਂ ਚਾਹੀਦੀਆਂ ਹਨ। ਇਹ ਸੁਣ ਕੇ ਮੈਨੂਅਲ ਸਾਲਗਾਡੋ ਡਸਟਬਿਨ ‘ਚੋਂ ਬੋਤਲਾਂ ਚੁੱਕਣ ਦੇ ਬਹਾਨੇ ਦਫਤਰ ‘ਚ ਦਾਖਲ ਹੋ ਗਿਆ ਅਤੇ ਅਮਨਦੀਪ ਅਤੇ ਜਸਦੀਪ ਨੂੰ ਬੰਦੂਕ ਦੀ ਨੋਕ ‘ਤੇ ਬੰਧਕ ਬਣਾ ਲਿਆ। ਦੋਵਾਂ ਭਰਾਵਾਂ ਤੋਂ ਬਾਅਦ ਉਸ ਨੇ ਜਸਲੀਨ ਕੌਰ ਅਤੇ ਉਸ ਦੀ 8 ਮਹੀਨੇ ਦੀ ਬੇਟੀ ਆਰੋਹੀ ਨੂੰ ਵੀ ਅਗਵਾ ਕਰ ਲਿਆ। ਮੈਨੁਅਲ ਸਲਗਾਡੋ ਚਾਰਾਂ ਨੂੰ ਇੱਕ ਪਾਰਕ ਵਿੱਚ ਲੈ ਗਿਆ ਅਤੇ ਉਨ੍ਹਾਂ ਸਾਰਿਆਂ ਨੂੰ ਗੋਲੀ ਮਾਰ ਦਿੱਤੀ।