ਤਸਵੀਰ ‘ਚ ਦਿਖਾਈ ਦੇ ਰਹੇ ਪੰਜਾਬੀ ਨੌਜਵਾਨ ਨੇ ਇੱਕ ਵੱਖਰਾ ਉਪਰਾਲਾ ਕੀਤਾ ਹੈ ਜਿਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਇਸ ਨੌਜਵਾਨ ਨੇ ਟੌਰੰਗੇ ਗੁਰੂਘਰ ਤੋਂ 317 ਕਿਲੋਮੀਟਰ ਦੌੜਕੇ ਟਾਕਾਨਿਨੀ ਗੁਰੂਘਰ ਤੱਕ ਦਾ ਸਫ਼ਰ ਤੈਅ ਕੀਤਾ ਹੈ। ਹਰਜਿੰਦਰ ਨੇ ਸੋਮਵਾਰ ਸਵੇਰ 9 ਵਜੇ ਤੋਂ ਆਪਣੀ ਇਹ ਦੌੜ ਸ਼ੁਰੂ ਕੀਤੀ ਸੀ ਅਤੇ ਟੀਪੁਕੀ, ਰੋਟੋਰੂਆ, ਹਮਿਲਟਨ ਗੁਰੂਘਰ ਤੋਂ ਹੁੰਦਾ ਹੋਇਆ 4 ਦਿਨ ਤੇ 3 ਰਾਤਾਂ ਦਾ ਸਮਾਂ ਲਗਾ ਟਾਕਾਨਿਨੀ ਗੁਰੂਘਰ ਪਹੁੰਚਿਆ। ਅਹਿਮ ਗੱਲ ਹੈ ਕਿ ਕਿ ਨੌਜਵਾਨ ਨੇ ਰਸਤੇ ‘ਚ ਬਹੁਤ ਘੱਟ ਸਮਾਂ ਹੀ ਰੈਸਟ ਕੀਤੀ ਸੀ।
ਰਿਪੋਰਟਾਂ ਅਨੁਸਾਰ ਹਰਜਿੰਦਰ ਸਿੰਘ ਚੰਦਰ ਦੇ ਅੰਕਲ-ਆਂਟੀ ਕੈਂਸਰ ਦੀ ਬਿਮਾਰੀ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ ਇਸੇ ਕਾਰਨ ਹਰਜਿੰਦਰ ਨੇ ਕੈਂਸਰ ਪੀੜਿਤਾਂ ਦੀ ਮੱਦਦ ਲਈ ਅਜਿਹਾ ਉਪਰਾਲਾ ਕਰਨ ਬਾਰੇ ਸੋਚਿਆ ਹੈ। ਹਰਜਿੰਦਰ ਦਾ ਕਹਿਣਾ ਹੈ ਕਿ ਉਹ ਪਹਿਲਾਂ ਵੀ ਕਈ ਵਾਰ ਚੈਰਿਟੀ ਰਨ ਕਰ ਚੁੱਕਾ ਹੈ ਤੇ ਇਸ ਵਾਰ ਉਸਨੇ ਨਿਊਜੀਲੈਂਡ ਦੀ ਕੈਂਸਰ ਸੁਸਾਇਟੀ ਲਈ ਫੰਡ ਇੱਕਠੇ ਕਰਨ ਵਾਸਤੇ ਇਹ ਦੌੜ ਲਾਈ ਹੈ। ਹੁਣ ਤੱਕ ਇਸ ਨੇਕ ਕਾਰਜ ਲਈ ਭਾਈਚਾਰੇ ਦੀ ਮੱਦਦ ਸਦਕਾ ਹਜਾਰਾਂ ਡਾਲਰ ਇੱਕਠੇ ਹੋ ਚੁੱਕੇ ਹਨ ਤੇ ਤੁਸੀਂ ਵੀ ਇਸ ਵਿੱਚ ਆਪਣਾ ਯੋਗਦਾਨ ਗਿਵਅਲਿਟਲ ਦੇ ਇਸ ਲਿੰਕ (https://givealittle.co.nz/fundraiser/mad-runner-gone-mad) ਰਾਂਹੀ ਪਾ ਸਕਦੇ ਹੋ। ਹਰਜਿੰਦਰ ਸਿੰਘ ਆਉਂਦੇ 2-3 ਦਿਨ ਟਾਕਾਨਿਨੀ ਵਿਖੇ ਹੀ ਹੈ ਤੇ ਜੇ ਕੋਈ ਉਸਨੂੰ ਮਿਲਣਾ ਚਾਹੇ ਤਾਂ ਗੁਰੂਘਰ ਪਹੁੰਚ ਕਰ ਸਕਦਾ ਹੈ। ਡੁਨੇਡਿਨ ਦੇ ਪੰਜਾਬੀ ਨੌਜਵਾਨ ਹਰਜਿੰਦਰ ਸਿੰਘ ਚੰਦਰ ਦੇ ਇਸ ਉਪਰਾਲੇ ‘ਤੇ ਨਾ ਸਿਰਫ ਉਸਦੇ ਪਰਿਵਾਰ, ਬਲਕਿ ਨਿਊਜੀਲੈਂਡ ਵੱਸਦੇ ਸਮੂਹ ਭਾਈਚਾਰੇ ਨੂੰ ਵੀ ਮਾਣ ਮਹਿਸੂਸ ਹੋ ਰਿਹਾ ਹੈ।