ਪੰਜਾਬ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ 2023 ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਫਾਈਨਲ ਮੈਚ ‘ਚ ਪੰਜਾਬ ਨੇ ਵਡੋਦਰਾ ਨੂੰ 20 ਦੌੜਾਂ ਨਾਲ ਹਰਾ ਕੇ ਘਰੇਲੂ ਟੂਰਨਾਮੈਂਟ ਦੀ ਟੀ-20 ਟਰਾਫੀ ‘ਤੇ ਕਬਜ਼ਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਨੇ 223/4 ਦੌੜਾਂ ਬਣਾਈਆਂ ਸਨ। ਜਿਸ ਦੇ ਜਵਾਬ ਵਿੱਚ ਵਡੋਦਰਾ 203/7 ਤੱਕ ਹੀ ਪਹੁੰਚ ਸਕਿਆ। ਇਨ੍ਹੀਂ ਦਿਨੀਂ ਕ੍ਰਿਕਟ ਪ੍ਰੇਮੀ ਭਾਰਤ ਦੀ ਮੇਜ਼ਬਾਨੀ ‘ਚ ਚੱਲ ਰਹੇ ਕ੍ਰਿਕਟ ਵਿਸ਼ਵ ਕੱਪ 2023 ਨੂੰ ਲੈ ਕੇ ਰੁੱਝੇ ਹੋਏ ਹਨ। ਪੰਜਾਬ ਨੇ ਵਿਸ਼ਵ ਕੱਪ ਦੌਰਾਨ ਘਰੇਲੂ ਕ੍ਰਿਕਟ ਵਿੱਚ ਆਪਣਾ ਝੰਡਾ ਲਹਿਰਾਇਆ ਹੈ।
ਪੰਜਾਬ ਲਈ ਖ਼ਿਤਾਬੀ ਮੁਕਾਬਲੇ ਵਿੱਚ ਅਨਮੋਲਪ੍ਰੀਤ ਸਿੰਘ ਅਤੇ ਅਰਸ਼ਦੀਪ ਸਿੰਘ ਹੀਰੋ ਬਣੇ। ਅਨਮੋਲ ਨੇ 185.25 ਦੀ ਸਟ੍ਰਾਈਕ ਰੇਟ ਨਾਲ 113 ਦੌੜਾਂ ਦੀ ਪਾਰੀ ਖੇਡੀ, ਜਿਸ ਵਿੱਚ 10 ਚੌਕੇ ਅਤੇ 6 ਛੱਕੇ ਸ਼ਾਮਿਲ ਸਨ। ਜਦਕਿ ਗੇਂਦਬਾਜ਼ੀ ‘ਚ ਅਰਸ਼ਦੀਪ ਸਿੰਘ ਨੇ 4 ਓਵਰਾਂ ‘ਚ ਸਿਰਫ 23 ਦੌੜਾਂ ਦੇ ਕੇ 4 ਵਿਕਟਾਂ ਹਾਸਿਲ ਕੀਤੀਆਂ। ਇਸ ਤੋਂ ਇਲਾਵਾ ਨਿਹਾਲ ਵਢੇਰਾ ਨੇ ਨਾਬਾਦ 61 ਦੌੜਾਂ ਬਣਾਈਆਂ। ਮੈਚ ‘ਚ ਵਡੋਦਰਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜਿਸ ਨੂੰ ਪੰਜਾਬ ਦੇ ਬੱਲੇਬਾਜ਼ਾਂ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੂਰੀ ਤਰ੍ਹਾਂ ਨਾਲ ਗਲਤ ਸਾਬਿਤ ਕੀਤਾ। ਖ਼ਿਤਾਬੀ ਮੈਚ ਮੁਹਾਲੀ ਵਿੱਚ ਖੇਡਿਆ ਗਿਆ ਸੀ।