ਸੱਤਾ ‘ਤੇ ਕਾਬਜ਼ ਹੁੰਦਿਆਂ ਹੀ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਵੱਡੇ ਫੈਸਲੇ ਲਏ ਜਾ ਰਹੇ ਹਨ। ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਵੱਲੋਂ ਇੱਕ ਹੋਰ ਵੱਡਾ ਝਟਕਾ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਨੂੰ ਦਿੱਤਾ ਗਿਆ ਹੈ। ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਪੰਜਾਬੀਆਂ ਨਾਲ ਕੀਤੇ ਵੀਆਈਪੀ ਸਭਿਆਚਾਰ ਨੂੰ ਖਤਮ ਕਰਨ ਵਾਲੇ ਵਾਅਦੇ ਪਾਸੇ ਵੱਡਾ ਕਦਮ ਪੁੱਟਦਿਆਂ ਬੁੱਧਵਾਰ ਅਕਾਲੀ ਦਲ ਅਤੇ ਕਾਂਗਰਸ ਦੇ ਕਈ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਦੀ ਸੁਰੱਖਿਆ ਵਿੱਚ ਵੱਡੀ ਕਟੌਤੀ ਕੀਤੀ ਹੈ। ਮਾਨ ਸਰਕਾਰ ਵੱਲੋਂ ਕੁਝ ਸਾਬਕਾ ਮੰਤਰੀਆਂ ਤੇ ਵਿਧਾਇਕਾਂ ਦੀ Z+ ਤੇ Y ਸਕਿਓਰਿਟੀ ਵਾਪਸ ਲੈ ਲਈ ਗਈ ਹੈ।
ਜਿਨ੍ਹਾਂ ਮੰਤਰੀਆਂ ਦੀ ਸਕਿਓਰਿਟੀ ਵਾਪਿਸ ਲਈ ਗਈ ਹੈ ਉਨ੍ਹਾਂ ਵਿਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓ. ਪੀ. ਸੋਨੀ, ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ, ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ, ਸਾਬਕਾ ਸਾਂਸਦ ਮੈਂਬਰ ਸੁਨੀਲ ਜਾਖੜ, ਸਾਬਕਾ ਵਿਧਾਇਕ ਪਰਮਿੰਦਰ ਪਿੰਕੀ, ਰਾਜਿੰਦਰ ਕੌਰ ਭੱਠਲ, ਨਵਤੇਜ ਚੀਮਾ ਤੇ ਕੇਵਲ ਢਿੱਲੋਂ ਸ਼ਾਮਲ ਹਨ। ਇਨ੍ਹਾਂ ਸਾਰੇ ਮੰਤਰੀਆਂ ਤੋਂ ਜ਼ੈੱਡ ਸਕਿਓਰਿਟੀ ਵਾਪਸ ਲੈ ਲਈ ਗਈ ਹੈ। ਦੱਸ ਦੇਈਏ ਕਿ ਇਨ੍ਹਾਂ ਮੰਤਰੀਆਂ ਤੇ ਵਿਧਾਇਕਾਂ ਦੀ ਸੁਰੱਖਿਆ ਲਈ 127 ਪੁਲਿਸ ਮੁਲਾਜ਼ਮ ਲਗਾਏ ਗਏ ਸਨ ਜਿਨ੍ਹਾਂ ਨੂੰ ਹੁਣ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਲਗਾਇਆ ਜਾਵੇਗਾ।