ਬਠਿੰਡਾ ਵਿਕਾਸ ਅਥਾਰਟੀ (ਬੀਡੀਏ) ਵੱਲੋਂ ਮਾਡਲ ਟਾਊਨ ਵਿੱਚ ਵੇਚੇ ਗਏ ਪਲਾਟ ਵਿੱਚ ਨਿਯਮਾਂ ਦੀ ਅਣਦੇਖੀ ਕਰਨ ਦੇ ਮਾਮਲੇ ਵਿੱਚ ਜਾਂਚ ਦਾ ਸਾਹਮਣਾ ਕਰ ਰਹੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਵਿਜੀਲੈਂਸ ਬਿਊਰੋ ਨੇ ਮੁੜ ਸੰਮਨ ਜਾਰੀ ਕੀਤੇ ਹਨ। ਸਾਬਕਾ ਖ਼ਜਾਨਾ ਮੰਤਰੀ ਨੂੰ 31 ਅਕਤੂਬਰ ਨੂੰ ਜਾਂਚ ਵਿੱਚ ਸ਼ਾਮਿਲ ਹੋਣ ਲਈ ਕਿਹਾ ਗਿਆ ਹੈ। ਉਨ੍ਹਾਂ ਨੂੰ ਵਿਜੀਲੈਂਸ ਬਿਊਰੋ ਦੇ ਬਠਿੰਡਾ ਦਫ਼ਤਰ ਵਿਖੇ ਪੇਸ਼ ਹੋਣਾ ਪਵੇਗਾ। ਇਸ ਤੋਂ ਪਹਿਲਾਂ 23 ਅਕਤੂਬਰ ਨੂੰ ਵੀ ਵਿਜੀਲੈਂਸ ਨੇ ਸਾਬਕਾ ਮੰਤਰੀ ਨੂੰ ਬੁਲਾਇਆ ਸੀ ਪਰ ਉਹ ਪਿੱਠ ਦਰਦ ਕਾਰਨ ਪੇਸ਼ ਨਹੀਂ ਹੋਏ ਸਨ। ਉਨ੍ਹਾਂ ਨੇ ਪੀਜੀਆਈ ਦੇ ਡਾਕਟਰਾਂ ਵੱਲੋਂ ਦਿੱਤੇ ਇੱਕ ਹਫ਼ਤੇ ਦੇ ਆਰਾਮ ਦਾ ਮੈਡੀਕਲ ਸਰਟੀਫਿਕੇਟ ਆਪਣੇ ਵਕੀਲ ਰਾਹੀਂ ਵਿਜੀਲੈਂਸ ਨੂੰ ਭੇਜ ਦਿੱਤਾ ਸੀ।
ਜਦਕਿ ਵਕੀਲ ਸੁਖਦੀਪ ਸਿੰਘ ਭਿੰਡਰ ਨੇ ਸਾਬਕਾ ਮੰਤਰੀ ਦਾ ਪਾਸਪੋਰਟ ਜਾਂਚ ਅਧਿਕਾਰੀ ਨੂੰ ਸੌਂਪ ਦਿੱਤਾ ਸੀ। ਮਨਪ੍ਰੀਤ ਬਾਦਲ ਦੇ ਵਿਜੀਲੈਂਸ ਸਾਹਮਣੇ ਪੇਸ਼ ਹੋਣ ‘ਤੇ ਅਜੇ ਵੀ ਸ਼ੱਕ ਹੈ। ਮਨਪ੍ਰੀਤ ਦੇ ਵਕੀਲ ਨੇ ਵਿਜੀਲੈਂਸ ਅਧਿਕਾਰੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਚੰਡੀਗੜ੍ਹ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਜਾ ਕੇ ਪੁੱਛਗਿੱਛ ਕਰ ਸਕਦੇ ਹਨ। ਵਰਨਣਯੋਗ ਹੈ ਕਿ 24 ਸਤੰਬਰ ਨੂੰ ਵਿਜੀਲੈਂਸ ਬਿਊਰੋ ਦੇ ਬਠਿੰਡਾ ਥਾਣੇ ਦੀ ਪੁਲਿਸ ਨੇ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਅਤੇ ਉਨ੍ਹਾਂ ਦੇ ਪੰਜ ਸਾਥੀਆਂ ਖ਼ਿਲਾਫ਼ ਮਾਡਲ ਟਾਊਨ ਇਲਾਕੇ ਵਿੱਚ ਬੀਡੀਏ ਅਧਿਕਾਰੀਆਂ ਦੀ ਮਦਦ ਨਾਲ ਘੱਟ ਕੀਮਤ ’ਤੇ 1560 ਗਜ਼ ਦਾ ਪਲਾਟ ਖਰੀਦਣ ਦੇ ਦੋਸ਼ ਹੇਠ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।