ਪਲਾਟ ਮਾਮਲੇ ਵਿੱਚ ਵਿਜੀਲੈਂਸ ਨੇ ਵੱਡੀ ਕਾਰਵਾਈ ਕੀਤੀ ਹੈ। ਵਿਜੀਲੈਂਸ ਬਿਊਰੋ ਨੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਨੇਤਾ ਮਨਪ੍ਰੀਤ ਮਨਪ੍ਰੀਤ ਬਾਦਲ ਸਣੇ ਛੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਐਤਵਾਰ ਨੂੰ ਵਿਜੀਲੈਂਸ ਟੀਮ ਨੇ ਰਾਜੀਵ ਕੁਮਾਰ ਅਤੇ ਅਮਨਦੀਪ ਨੂੰ ਗ੍ਰਿਫਤਾਰ ਕੀਤਾ ਸੀ। ਉੱਥੇ ਹੀ ਇਸ ਮਾਮਲੇ ‘ਚ ਵਿਜੀਲੈਂਸ ਨੇ ਮਨਪ੍ਰੀਤ ਬਾਦਲ ਦੇ ਤੀਜੇ ਸਾਥੀ ਵਿਕਾਸ ਅਰੋੜਾ ਨੂੰ ਸੋਮਵਾਰ ਸਵੇਰੇ ਚਿੰਤਪੁਰਨੀ ਤੋਂ ਗ੍ਰਿਫਤਾਰ ਕੀਤਾ ਹੈ। ਐਤਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਰਾਜੀਵ ਕੁਮਾਰ ਅਤੇ ਅਮਨਦੀਪ ਸਿੰਘ ਨੂੰ ਵਿਜੀਲੈਂਸ ਵੱਲੋਂ ਮੈਡੀਕਲ ਕਰਵਾਉਣ ਤੋਂ ਬਾਅਦ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਦੋਵਾਂ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ।
ਇਸ ਦੇ ਨਾਲ ਹੀ ਵਿਜੀਲੈਂਸ ਦੀ ਇਕ ਟੀਮ ਨੇ ਮੁੱਖ ਮੁਲਜ਼ਮ ਮਨਪ੍ਰੀਤ ਬਾਦਲ ਦੇ ਲੰਬੀ ਸਥਿਤ ਘਰ ‘ਤੇ ਛਾਪਾ ਮਾਰਿਆ, ਜਦਕਿ ਦੂਜੀ ਟੀਮ ਨੇ ਉਕਤ ਮਾਮਲੇ ‘ਚ ਨਾਮਜ਼ਦ ਤਤਕਾਲੀ ਏਡੀਸੀ ਅਤੇ ਬੀਡੀਏ ਦੇ ਪ੍ਰਸ਼ਾਸਕ ਬਿਕਰਮਜੀਤ ਸ਼ੇਰਗਿੱਲ ਦੇ ਘਰ ਛਾਪਾ ਮਾਰਿਆ ਪਰ ਦੋਵੇਂ ਫ਼ਰਾਰ ਪਾਏ ਗਏ। ਇਸ ਤੋਂ ਇਲਾਵਾ ਛੇਵੇਂ ਮੁਲਜ਼ਮ ਪੰਕਜ ਨੂੰ ਗ੍ਰਿਫ਼ਤਾਰ ਕਰਨ ਲਈ ਵਿਜੀਲੈਂਸ ਟੀਮ ਵੱਲੋਂ ਯਤਨ ਕੀਤੇ ਜਾ ਰਹੇ ਹਨ।