ਮੋਹਾਲੀ ਕ੍ਰਿਕਟ ਸਟੇਡੀਅਮ ‘ਚ ਵਿਸ਼ਵ ਕੱਪ-2023 ਦਾ ਇੱਕ ਵੀ ਮੈਚ ਨਾ ਕਰਵਾਉਣ ਦਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ‘ਤੇ ਨਾਰਾਜ਼ਗੀ ਪ੍ਰਗਟਾਈ ਹੈ। ਉਨ੍ਹਾਂ ਨੇ ਬੀਸੀਸੀਆਈ ਨੂੰ ਪੱਤਰ ਲਿਖ ਕੇ ਫੈਸਲੇ ’ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ। ਬੀਸੀਸੀਆਈ ਦੇ ਪ੍ਰਧਾਨ ਰੋਜਰ ਬਿੰਨੀ ਅਤੇ ਸਕੱਤਰ ਜੈ ਸ਼ਾਹ ਨੂੰ ਲਿਖੇ ਪੱਤਰ ਵਿੱਚ ਹੇਅਰ ਨੇ ਪੰਜਾਬ ਦੀ ਅਮੀਰ ਵਿਰਾਸਤ, ਖੇਡਾਂ ਵਿੱਚ ਯੋਗਦਾਨ ਅਤੇ ਪੰਜਾਬ ਦੇ ਮਹਾਨ ਕ੍ਰਿਕਟਰਾਂ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਵਿਸ਼ਵ ਕੱਪ ਦੇ ਮੈਚ ਮੁਹਾਲੀ ਵਿੱਚ ਕਰਵਾਉਣ ਦੀ ਮੰਗ ਕੀਤੀ ਹੈ।
ਖੇਡ ਮੰਤਰੀ ਨੇ ਕਿਹਾ ਕਿ ਪੰਜਾਬ ਆਪਣੀ ਬੇਮਿਸਾਲ ਬਹਾਦਰੀ, ਪ੍ਰਾਹੁਣਚਾਰੀ ਅਤੇ ਧਰਮ ਨਿਰਪੱਖ ਆਦਰਸ਼ਾਂ ਵਿੱਚ ਅਟੁੱਟ ਵਿਸ਼ਵਾਸ ਦੀਆਂ ਸਦੀਆਂ ਪੁਰਾਣੀਆਂ ਪਰੰਪਰਾਵਾਂ ਲਈ ਵਿਸ਼ਵ ਭਰ ਵਿੱਚ ਜਾਣਿਆ ਜਾਂਦਾ ਹੈ। ਖੇਡਾਂ ਦੇ ਖੇਤਰ ਵਿੱਚ ਵੀ ਪੰਜਾਬ ਨੂੰ ਦੇਸ਼ ਦਾ ਮੋਹਰੀ ਹੋਣ ਦਾ ਮਾਣ ਹਾਸਿਲ ਹੈ। ਪੰਜਾਬ ਨੇ ਕ੍ਰਿਕਟ ਜਗਤ ਨੂੰ ਲਾਲਾ ਅਮਰਨਾਥ, ਬਿਸ਼ਨ ਸਿੰਘ ਬੇਦੀ, ਮਹਿੰਦਰ ਅਮਰਨਾਥ, ਯਸ਼ਪਾਲ ਸ਼ਰਮਾ, ਮਦਨ ਲਾਲ, ਨਵਜੋਤ ਸਿੰਘ ਸਿੱਧੂ, ਹਰਭਜਨ ਸਿੰਘ, ਯੁਵਰਾਜ ਸਿੰਘ, ਰਿਤਿੰਦਰ ਸੋਢੀ, ਦਿਨੇਸ਼ ਮੋਂਗੀਆ, ਹਰਵਿੰਦਰ ਸਿੰਘ, ਵਿਕਰਮ ਰਾਠੌਰ, ਸ਼ਰਨਦੀਪ ਸਿੰਘ, ਸ਼ੁਭਮਨ ਗਿੱਲ ਅਤੇ ਅਰਸ਼ਦੀਪ ਸਿੰਘ ਵਰਗੇ ਸ਼ਾਨਦਾਰ ਖਿਡਾਰੀ ਦਿੱਤੇ ਗਏ ਹਨ।
ਹਾਲਾਂਕਿ ਬੀਸੀਸੀਆਈ ਨੇ ਕਿਹਾ ਸੀ ਕਿ ਮੁਹਾਲੀ ਸਟੇਡੀਅਮ ਮੈਚਾਂ ਦੀ ਮੇਜ਼ਬਾਨੀ ਲਈ ਆਈਸੀਸੀ ਦੁਆਰਾ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਨਹੀਂ ਕਰਦਾ ਹੈ। ਖੇਡ ਮੰਤਰੀ ਨੇ ਕਿਹਾ ਕਿ ਉਹ ਜਾਣਨਾ ਚਾਹੁੰਦੇ ਹਨ ਕਿ ਕਿਹੜੇ ਮਾਪਦੰਡ ਹਨ ਜਿਨ੍ਹਾਂ ਦੇ ਆਧਾਰ ‘ਤੇ ਮੁਹਾਲੀ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ। ਕਿਉਂਕਿ ਸਤੰਬਰ 2022 ‘ਚ ਇਸ ਮੈਦਾਨ ‘ਤੇ ਭਾਰਤ-ਆਸਟ੍ਰੇਲੀਆ ਮੈਚ ਖੇਡਿਆ ਗਿਆ ਸੀ। ਇਸ ਤੋਂ ਪਹਿਲਾਂ ਵੀ ਇੱਥੇ ਵਿਸ਼ਵ ਕੱਪ ਦੇ ਮੈਚ ਖੇਡੇ ਜਾ ਚੁੱਕੇ ਹਨ। ਇਹ ਵੀ ਦੱਸਿਆ ਜਾਵੇ ਕਿ ਕੀ ਆਈਸੀਸੀ ਦੀ ਟੀਮ ਨੇ ਮੁਹਾਲੀ ਸਟੇਡੀਅਮ ਦਾ ਦੌਰਾ ਵੀ ਕੀਤਾ ਸੀ? ਖੇਡਾਂ ਦੇ ਬੁਨਿਆਦੀ ਢਾਂਚੇ ਦੇ ਲਿਹਾਜ਼ ਨਾਲ ਵੀ ਪੰਜਾਬ ਦੁਨੀਆ ਦੇ ਸਭ ਤੋਂ ਵਧੀਆ ਮੈਦਾਨਾਂ ਵਿੱਚੋਂ ਇੱਕ ਹੈ।
ਪੀਸੀਏ ਸਟੇਡੀਅਮ ਮੋਹਾਲੀ ਨਾ ਸਿਰਫ਼ ਭਾਰਤ ਦੇ ਚੋਟੀ ਦੇ ਸਟੇਡੀਅਮਾਂ ਵਿੱਚੋਂ ਇੱਕ ਹੈ, ਸਗੋਂ ਵਿਸ਼ਵ ਦੇ ਪ੍ਰਮੁੱਖ ਸਟੇਡੀਅਮਾਂ ਦੀ ਸੂਚੀ ਵਿੱਚ ਵੀ ਆਉਂਦਾ ਹੈ। ਮੁਹਾਲੀ ਵਿੱਚ ਇੱਕ ਅੰਤਰਰਾਸ਼ਟਰੀ ਹਵਾਈ ਅੱਡਾ ਹੈ ਅਤੇ ਸ਼ਹਿਰ ਵਿੱਚ ਟੀਮਾਂ ਦੇ ਠਹਿਰਣ ਲਈ ਬਿਹਤਰ ਬੁਨਿਆਦੀ ਢਾਂਚਾ ਅਤੇ ਹੋਟਲ ਵੀ ਹਨ। ਅਜਿਹੇ ‘ਚ ਇੱਥੇ ਮੈਚ ਨਾ ਕਰਵਾ ਕੇ ਪੰਜਾਬ ਅਤੇ ਇਸ ਦੇ ਕ੍ਰਿਕਟ ਪ੍ਰੇਮੀਆਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਅਜਿਹੇ ‘ਚ BCCI ਨੂੰ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਖੇਡ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਇਸ ਮਾਮਲੇ ਵਿੱਚ ਪੰਜਾਬ ਨਾਲ ਇਨਸਾਫ਼ ਹੋਵੇਗਾ।