ਪੰਜਾਬ ਦੀ ਸਕੂਲੀ ਸਿੱਖਿਆ ਵਿੱਚ ਸੁਧਾਰ ਲਿਆਉਣ ਲਈ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਕੂਲਾਂ ਵਿੱਚ ਪੜ੍ਹਾਉਣ ਦੀ ਬਜਾਏ ਦੂਜੇ ਵਿਭਾਗਾਂ ਵਿੱਚ ਡਿਊਟੀ ਅਤੇ ਡੈਪੂਟੇਸ਼ਨ ’ਤੇ ਗਏ ਅਧਿਆਪਕਾਂ ਨੂੰ ਵਾਪਿਸ ਸਕੂਲਾਂ ‘ਚ ਲਿਆਉਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਫੀਲਡ ਤੋਂ ਪਤਾ ਲੱਗਾ ਹੈ ਕਿ ਕੁੱਝ ਅਧਿਆਪਕ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਉਣ ਦੀ ਬਜਾਏ ਵੱਖ-ਵੱਖ ਦਫ਼ਤਰਾਂ ਵਿੱਚ ਬੈਠੇ ਹਨ। ਇਸ ਨਾਲ ਸਕੂਲੀ ਸਿੱਖਿਆ ਪ੍ਰਭਾਵਿਤ ਹੋ ਰਹੀ ਹੈ। ਬੈਂਸ ਨੇ ਦੱਸਿਆ ਕਿ ਅੱਜ ਸ਼ਾਮ ਤੱਕ ਜ਼ਿਲ੍ਹਾ ਸਿੱਖਿਆ ਅਫ਼ਸਰ ਤੋਂ ਅਜਿਹੇ ਅਧਿਆਪਕਾਂ ਦਾ ਪੂਰਾ ਡਾਟਾ ਮੰਗਿਆ ਗਿਆ ਹੈ, ਜਿਸ ਵਿੱਚ ਸਕੂਲ ਤੋਂ ਬਾਹਰ ਗਏ ਮੁਲਾਜ਼ਮ ਦਾ ਨਾਂ-ਪਤਾ, ਉਹ ਕਿੰਨੇ ਸਮੇਂ ਤੋਂ ਸਕੂਲ ਤੋਂ ਬਾਹਰ ਹੈ ਅਤੇ ਕਿਸ ਦੀਆਂ ਹਦਾਇਤਾਂ ਤੇ ਉਹ ਡਿਊਟੀ ਕਰ ਰਹੇ ਹਨ ਸਬੰਧੀ ਜਾਣਕਾਰੀ ਹੋਵੇਗੀ। ਇਹ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਸਕੂਲ ਬੁਲਾਇਆ ਜਾਵੇਗਾ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਜੋ ਵੀ ਸਕੂਲ ਮੁਖੀ ਜਾਂ ਜ਼ਿਲ੍ਹਾ ਮੈਜਿਸਟ੍ਰੇਟ ਕਿਸੇ ਕਰਮਚਾਰੀ ਦੀ ਸੂਚਨਾ ਛੁਪਾਉਣ ਦੀ ਕੋਸ਼ਿਸ਼ ਕਰੇਗਾ, ਉਸ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਬੈਂਸ ਨੇ ਕਿਹਾ ਕਿ ਉਹ ਪੰਜਾਬ ਵਿੱਚ ਸਕੂਲੀ ਸਿੱਖਿਆ ਦੇ ਮਿਆਰ ਨੂੰ ਸੁਧਾਰਨ ਲਈ ਯਤਨਸ਼ੀਲ ਹਨ ਅਤੇ ਇਸ ਪ੍ਰਣਾਲੀ ਨੂੰ ਇੱਕ ਮਿਸਾਲ ਵਜੋਂ ਵਿਕਸਤ ਕਰਨਾ ਹੈ। ਉਨ੍ਹਾਂ ਉਮੀਦ ਕੀਤੀ ਕਿ ਭਵਿੱਖ ਵਿੱਚ ਇਸ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ।