ਸਾਲ 2016 ਤੋਂ ਬਾਅਦ ਹੁਣ ਨੌਜਵਾਨਾਂ ਨੂੰ ਸਾਲ 2022 ਵਿੱਚ ਪੰਜਾਬ ਪੁਲਿਸ ਵਿਭਾਗ ਵਿੱਚ ਨੌਕਰੀ ਹਾਸਿਲ ਕਰਕੇ ਸੂਬੇ ਦੀ ਸੇਵਾ ਕਰਨ ਦਾ ਮੌਕਾ ਮਿਲੇਗਾ। ਪੰਜਾਬ ਸਰਕਾਰ ਨੇ ਅਕਤੂਬਰ ਦੇ ਅੱਧ ਵਿੱਚ ਪੁਲਿਸ ਵਿਭਾਗ ਦੇ ਵੱਖ-ਵੱਖ ਕਾਡਰਾਂ ਵਿੱਚ ਜਵਾਨਾਂ ਦੀ ਭਰਤੀ ਕਰਨ ਦਾ ਐਲਾਨ ਕੀਤਾ ਹੈ। ਇਹ ਭਰਤੀ ਕਾਂਸਟੇਬਲ, ਹੈੱਡ ਕਾਂਸਟੇਬਲ ਅਤੇ ਸਬ-ਇੰਸਪੈਕਟਰ ਦੇ ਅਹੁਦਿਆਂ ਲਈ ਹੋਵੇਗੀ। ਸਬ-ਇੰਸਪੈਕਟਰ ਦੇ ਅਹੁਦੇ ‘ਤੇ ਚੁਣੇ ਗਏ ਜਵਾਨਾਂ ਨੂੰ ਜ਼ਿਲ੍ਹਾ ਪੁਲਿਸ, ਆਰਮਡ ਪੁਲਿਸ, ਇੰਟੈਲੀਜੈਂਸ ਅਤੇ ਇਨਵੈਸਟੀਗੇਸ਼ਨ ਕੇਡਰ ਵਿਚ ਸੇਵਾ ਕਰਨ ਦਾ ਮੌਕਾ ਮਿਲੇਗਾ। ਹੈੱਡ ਕਾਂਸਟੇਬਲ ਦੇ ਅਹੁਦੇ ‘ਤੇ ਚੁਣੇ ਗਏ ਜਵਾਨਾਂ ਨੂੰ ਜਾਂਚ ਕੇਡਰ ਵਿਚ ਸੇਵਾ ਕਰਨ ਦਾ ਮੌਕਾ ਮਿਲੇਗਾ ਅਤੇ ਕਾਂਸਟੇਬਲ ਦੇ ਅਹੁਦੇ ਲਈ ਚੁਣੇ ਗਏ ਜਵਾਨਾਂ ਨੂੰ ਖੁਫੀਆ ਅਤੇ ਜਾਂਚ ਕੇਡਰ ਵਿਚ ਸੇਵਾ ਕਰਨ ਦਾ ਮੌਕਾ ਮਿਲੇਗਾ।
ਇਸ ਭਰਤੀ ਪ੍ਰਕਿਰਿਆ ਦਾ ਪੇਪਰ, ਪੇਪਰਾਂ ਦੇ ਲੀਕ ਹੋਣ ਅਤੇ ਹੋਰ ਕਿਸਮ ਦੀਆਂ ਸੁਰੱਖਿਆ ਚਿੰਤਾਵਾਂ ਤੋਂ ਬਚਣ ਲਈ ਆਪਟੀਕਲ ਮਾਰਕ ਰੀਕੋਗਨੀਸ਼ਨ (OMR) ‘ਤੇ ਆਧਾਰਿਤ ਹੋਵੇਗਾ। ਪੰਜਾਬ ‘ਚ ‘ਆਪ’ ਦੀ ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਦੇ ਪਹਿਲੇ ਸਾਲ ‘ਚ ਨੌਜਵਾਨਾਂ ਨੂੰ ਨੌਕਰੀਆਂ ਦਾ ਮੌਕਾ ਮਿਲ ਰਿਹਾ ਹੈ। ਵੱਖ-ਵੱਖ ਕਾਡਰਾਂ ਵਿੱਚ ਪੁਲਿਸ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇਗੀ, ਤਾਂ ਜੋ ਪੰਜਾਬ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਨੂੰ ਚੁਸਤ-ਦਰੁਸਤ ਰੱਖਿਆ ਜਾ ਸਕੇ ਅਤੇ ਹਰੇਕ ਨਾਗਰਿਕ ਨੂੰ ਚਿੰਤਾ ਮੁਕਤ ਰੱਖਿਆ ਜਾ ਸਕੇ। ਹਾਲਾਂਕਿ ਇਸ ਭਰਤੀ ਲਈ ਫਾਰਮ ਭਰਨ ਦੀ ਤਰੀਕ ਅਤੇ ਯੋਗਤਾ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।