ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਿਲ ਮੁਲਜ਼ਮ ਦੀਪਕ ਟੀਨੂੰ ਨੂੰ ਸੋਮਵਾਰ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਦੌਰਾਨ ਮਾਨਸਾ ਪੁਲਿਸ ਨੂੰ ਅਦਾਲਤ ਨੇ ਟੀਨੂੰ ਦਾ ਟਰਾਂਜ਼ਿਟ ਰਿਮਾਂਡ ਦੇ ਦਿੱਤਾ ਹੈ। ਟੀਨੂੰ ਨੂੰ ਮੁੜ ਮਾਨਸਾ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਟੀਨੂੰ ਨੂੰ 24 ਘੰਟਿਆਂ ਵਿੱਚ ਪੰਜਾਬ ਦੇ ਮਾਨਸਾ ਲਿਆਂਦਾ ਜਾਵੇਗਾ। ਪੁਲਿਸ ਹੁਣ ਟੀਨੂੰ ਤੋਂ ਸਖ਼ਤੀ ਨਾਲ ਪੁੱਛਗਿੱਛ ਕਰੇਗੀ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਟੀਨੂੰ ਭੱਜਣ ਤੋਂ ਬਾਅਦ ਕਿੱਥੇ ਗਿਆ ਅਤੇ ਕਿਹੜੇ ਪੁਲਿਸ ਮੁਲਾਜ਼ਮਾਂ ਨੇ ਉਸਨੂੰ ਭੱਜਣ ਵਿੱਚ ਮਦਦ ਕੀਤੀ।
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮੁਲਜ਼ਮ ਗੈਂਗਸਟਰ ਦੀਪਕ ਟੀਨੂੰ ਨੂੰ ਅਜਮੇਰ ਦੇ ਕੇਕੜੀ ਤੋਂ ਗ੍ਰਿਫ਼ਤਾਰ ਕੀਤਾ ਸੀ। ਸਪੈਸ਼ਲ ਸੈੱਲ ਨੇ ਟੀਨੂੰ ਦੇ ਕਬਜ਼ੇ ‘ਚੋਂ 5 ਹੈਂਡ ਗ੍ਰਨੇਡ ਅਤੇ 2 ਸੈਮੀ ਆਟੋਮੈਟਿਕ ਪਿਸਤੌਲ ਵੀ ਬਰਾਮਦ ਕੀਤੇ ਸਨ। ਉਹ ਅਜ਼ਰਬਾਈਜਾਨ ‘ਚ ਬੈਠੇ ਗੈਂਗਸਟਰ ਰੋਹਿਤ ਗੋਦਾਰਾ ਦੇ ਸੰਪਰਕ ‘ਚ ਸੀ। ਲਾਰੈਂਸ ਦਾ ਖਾਸ ਟੀਨੂੰ ਏ ਸ਼੍ਰੇਣੀ ਦਾ ਗੈਂਗਸਟਰ ਹੈ। ਉਹ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਵੀ ਭੂਮਿਕਾ ਨਿਭਾ ਚੁੱਕਾ ਹੈ।