ਕੈਨੇਡਾ ਦੇ ਸਰੀ ‘ਚ ਭਾਰਤੀ ਮੂਲ ਦੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪੀੜਤ ਦਾ ਨਾਂ ਯੁਵਰਾਜ ਗੋਇਲ ਹੈ ਅਤੇ ਉਹ ਪੰਜਾਬ ਦੇ ਲੁਧਿਆਣਾ ਦਾ ਰਹਿਣ ਵਾਲਾ ਸੀ। ਯੁਵਰਾਜ ਗੋਇਲ 2019 ਵਿੱਚ ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਆਇਆ ਸੀ ਅਤੇ ਹਾਲ ਹੀ ਵਿੱਚ ਉਸਨੂੰ ਕੈਨੇਡੀਅਨ ਸਥਾਈ ਨਿਵਾਸੀ ਦਾ ਦਰਜਾ ਮਿਲਿਆ ਸੀ। ਕੈਨੇਡਾ ਵਿੱਚ ਭਾਰਤੀ ਲੋਕਾਂ ਦਾ ਅਜਿਹਾ ਕੋਈ ਕਤਲ ਨਵਾਂ ਨਹੀਂ ਹੋਇਆ। ਭਾਰਤ ਸਰਕਾਰ ਦੇ ਅੰਕੜਿਆਂ ਅਨੁਸਾਰ, 2018 ਤੋਂ ਹੁਣ ਤੱਕ ਵਿਦੇਸ਼ਾਂ ਵਿੱਚ ਭਾਰਤੀ ਵਿਦਿਆਰਥੀਆਂ ਦੀ ਮੌਤ ਦੀਆਂ ਕੁੱਲ 403 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਜਿਸ ਵਿੱਚ ਕੈਨੇਡਾ 91 ਮਾਮਲਿਆਂ ਦੇ ਨਾਲ ਸਿਖਰ ‘ਤੇ ਹੈ, ਜਦੋਂਕਿ ਬ੍ਰਿਟੇਨ 48 ਮਾਮਲਿਆਂ ਨਾਲ ਦੂਜੇ ਨੰਬਰ ‘ਤੇ ਹੈ। ਰਾਇਲ ਕੈਨੇਡੀਅਨ ਪੁਲਿਸ ਨੇ ਕਿਹਾ ਕਿ ਯੁਵਰਾਜ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਅਤੇ ਉਸ ਦੇ ਕਤਲ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਘਟਨਾ ਸ਼ੁੱਕਰਵਾਰ, 7 ਜੂਨ ਨੂੰ ਸਵੇਰੇ 8:46 ਵਜੇ ਵਾਪਰੀ, ਜਦੋਂ ਪੁਲਿਸ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ 164ਵੀਂ ਸਟਰੀਟ ਦੇ 900-ਬਲਾਕ ਵਿੱਚ ਗੋਲੀਬਾਰੀ ਦੀ ਰਿਪੋਰਟ ਮਿਲੀ। ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਅਧਿਕਾਰੀਆਂ ਨੇ ਯੁਵਰਾਜ ਨੂੰ ਮ੍ਰਿਤਕ ਪਾਇਆ।