ਪਿਛਲੇ ਕੁੱਝ ਸੀਜ਼ਨਾਂ ‘ਚ ਦੇਖਿਆ ਗਿਆ ਹੈ ਕਿ ਪੰਜਾਬ ਦੀ ਟੀਮ ਮੈਚ ਜਿੱਤਦੀ-ਜਿੱਤਦੀ ਹਾਰ ਜਾਂਦੀ ਹੈ। ਇਸ ਕਾਰਨ ਇਸ ਟੀਮ ਨੂੰ ਅਨਲਕੀ ਟੀਮ ਕਿਹਾ ਜਾਂਦਾ ਸੀ। ਇਸ ਵਾਰ ਸੀਜ਼ਨ ਦੀ ਸ਼ੁਰੂਆਤ ‘ਚ ਪੰਜਾਬ ਦੇ ਪ੍ਰਦਰਸ਼ਨ ਤੋਂ ਲੱਗਦਾ ਸੀ ਕਿ ਟੀਮ ਪਹਿਲਾਂ ਨਾਲੋਂ ਬਿਹਤਰ ਹੋ ਗਈ ਹੈ ਪਰ ਕੁੱਝ ਹੀ ਦਿਨਾਂ ‘ਚ ਸਭ ਕੁੱਝ ਪੁਰਾਣੇ ਦਿਨਾਂ ਵਰਗਾ ਹੋ ਗਿਆ ਹੈ। ਸ਼ੁੱਕਰਵਾਰ (8 ਅਪ੍ਰੈਲ) ਨੂੰ ਗੁਜਰਾਤ ਟਾਈਟਨਸ ਦੇ ਖਿਲਾਫ ਪੰਜਾਬ ਦੀ ਟੀਮ ਜਿੱਤੀ ਹੋਈ ਬਾਜ਼ੀ ਹਾਰ ਗਈ। ਪਿਛਲੇ ਤਿੰਨ ਮੈਚਾਂ ਵਿੱਚ ਦੋ ਹਾਰਾਂ ਤੋਂ ਬਾਅਦ ਲੱਗਦਾ ਹੈ ਕਿ ਟੀਮ ਵਿੱਚ ਨਿਰੰਤਰਤਾ ਦੀ ਘਾਟ ਹੈ। ਖਿਡਾਰੀ ਲੋੜ ਦੇ ਸਮੇਂ ਦਬਾਅ ਵਿੱਚ ਆ ਜਾਂਦੇ ਹਨ ਅਤੇ ਮੈਚ ਗਵਾ ਦਿੰਦੇ ਹਨ।
ਮੈਚ ਦੇ ਟਰਨਿੰਗ ਪੁਇੰਟਿਸ
1. ਰਾਸ਼ਿਦ ਖਾਨ ਦਾ 16ਵਾਂ ਓਵਰ: ਪੰਜਾਬ ਨੇ ਬੱਲੇਬਾਜ਼ੀ ਦੌਰਾਨ 15 ਓਵਰਾਂ ‘ਚ ਪੰਜ ਵਿਕਟਾਂ ‘ਤੇ 152 ਦੌੜਾਂ ਬਣਾਈਆਂ ਸਨ। ਰਾਸ਼ਿਦ ਖਾਨ 16ਵੇਂ ਓਵਰ ਵਿੱਚ ਗੁਜਰਾਤ ਲਈ ਗੇਂਦਬਾਜ਼ੀ ਕਰਨ ਆਏ। ਰਾਸ਼ਿਦ ਨੇ ਖਤਰਨਾਕ ਲਿਆਮ ਲਿਵਿੰਗਸਟੋਨ ਨੂੰ ਤੀਜੀ ਗੇਂਦ ‘ਤੇ ਡੇਵਿਡ ਮਿਲਰ ਹੱਥੋਂ ਕੈਚ ਕਰਵਾਇਆ। ਇਸ ਤੋਂ ਬਾਅਦ ਪੰਜਵੀਂ ਗੇਂਦ ‘ਤੇ ਰਾਸ਼ਿਦ ਨੇ ਸ਼ਾਹਰੁਖ ਖਾਨ ਨੂੰ ਆਊਟ ਕਰ ਦਿੱਤਾ। ਇੱਕ ਸਮੇਂ ਤਾਂ ਅਜਿਹਾ ਲੱਗ ਰਿਹਾ ਸੀ ਕਿ ਪੰਜਾਬ ਦੀ ਟੀਮ ਆਸਾਨੀ ਨਾਲ 200 ਦਾ ਸਕੋਰ ਪਾਰ ਕਰ ਲਵੇਗੀ ਪਰ ਇਸ ਓਵਰ ਵਿੱਚ ਦੋ ਝਟਕਿਆਂ ਤੋਂ ਬਾਅਦ ਟੀਮ ਕਿਸੇ ਤਰ੍ਹਾਂ 190 ਦੇ ਸਕੋਰ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਸਕੀ।
2. ਸ਼ੁਭਮਨ ਗਿੱਲ ਦਾ ਛੱਡਿਆ ਕੈਚ : ਅੱਠਵੇਂ ਓਵਰ ਦੀ ਤੀਜੀ ਗੇਂਦ ‘ਤੇ ਸ਼ੁਭਮਨ ਗਿੱਲ ਨੂੰ ਜੀਵਨ ਦਾਨ ਮਿਲਿਆ। ਸ਼ੁਭਮਨ ਨੇ ਓਡੀਅਨ ਸਮਿਥ ਦੀ ਗੇਂਦ ‘ਤੇ ਫਰੰਟ ਸ਼ਾਟ ਖੇਡਿਆ। ਸਮਿਥ ਖੁਦ ਹੀ ਆਸਾਨ ਕੈਚ ਨਹੀਂ ਫੜ ਸਕੇ। ਉਸ ਸਮੇਂ ਸ਼ੁਭਮਨ 45 ਦੌੜਾਂ ਬਣਾ ਕੇ ਖੇਡ ਰਿਹਾ ਸੀ।
3. ਸ਼ੁਭਮਨ ਅਤੇ ਹਾਰਦਿਕ ਇੱਕੋ ਓਵਰ ‘ਚ ਆਊਟ ਹੋਣੋ ਬਚੇ : ਰਾਹੁਲ ਚਾਹਰ 17ਵੇਂ ਓਵਰ ਵਿੱਚ ਪੰਜਾਬ ਲਈ ਗੇਂਦਬਾਜ਼ੀ ਕਰਨ ਆਏ। ਆਪਣੀ ਪਹਿਲੀ ਗੇਂਦ ‘ਤੇ ਸ਼ੁਭਮਨ ਨੇ ਅੱਗੇ ਜਾ ਕੇ ਵੱਡਾ ਸ਼ਾਟ ਮਾਰਨਾ ਚਾਹਿਆ ਪਰ ਚਾਹਰ ਨੇ ਗੇਂਦ ਨੂੰ ਬਾਹਰ ਸੁੱਟ ਦਿੱਤਾ। ਵਿਕਟਕੀਪਰ ਜੌਨੀ ਬੇਅਰਸਟੋ ਬਾਲ ਨੂੰ ਠੀਕ ਤਰ੍ਹਾਂ ਨਾਲ ਨਹੀਂ ਫੜ ਸਕਿਆ ਅਤੇ ਗਿੱਲ ਸਟੰਪਡ ਹੋਣੋ ਬਚ ਗਿਆ। ਓਵਰ ਦੀ ਪੰਜਵੀਂ ਗੇਂਦ ‘ਤੇ ਹਾਰਦਿਕ ਪਾਂਡਿਆ ਨੇ ਵੱਡਾ ਸ਼ਾਟ ਲਗਾਇਆ। ਅਜਿਹਾ ਲੱਗ ਰਿਹਾ ਸੀ ਕਿ ਕੋਈ ਇਸ ਆਸਾਨ ਕੈਚ ਨੂੰ ਫੜ ਲਵੇਗਾ ਪਰ ਕਾਗਿਸੋ ਰਬਾਡਾ ਨੇ ਇਹ ਕੈਚ ਟਪਕਾ ਦਿੱਤਾ।
4. ਇੱਕ ਓਵਰ ਵਿੱਚ 19 ਦੌੜਾਂ ਲੁਟਾਉਣਾ: ਕਿਸੇ ਵੀ ਫਾਰਮੈਟ ਵਿੱਚ ਆਖਰੀ ਓਵਰ ਵਿੱਚ 19 ਦੌੜਾਂ ਬਣਾਉਣਾ ਆਸਾਨ ਨਹੀਂ ਹੈ। ਉਸ ਸਮੇਂ ਬੱਲੇਬਾਜ਼ੀ ਭਾਰੀ ਦਬਾਅ ‘ਚ ਹੁੰਦੀ ਹੈ। ਗੇਂਦਬਾਜ਼ਾਂ ਦਾ ਬੋਲਬਾਲਾ ਹੁੰਦਾ ਹੈ ਪਰ ਓਡੀਓਨ ਸਮਿਥ ਇਸ ਦਾ ਫਾਇਦਾ ਨਹੀਂ ਉਠਾ ਸਕੇ। ਸਮਿਥ ਨੇ ਆਖਰੀ ਓਵਰ ਵਿੱਚ 19 ਦੌੜਾਂ ਲੁੱਟਾ ਦਿੱਤੀਆਂ। ਪੰਜਾਬ ਕਿੰਗਜ਼ ਨੂੰ ਉਸ ਦੀਆਂ ਮਾੜੀਆਂ ਗੇਂਦਾਂ ਦਾ ਖਮਿਆਜ਼ਾ ਭੁਗਤਣਾ ਪਿਆ। ਰਾਹੁਲ ਤਿਵਾਤੀਆ ਨੇ ਆਖਰੀ ਦੋ ਗੇਂਦਾਂ ‘ਤੇ ਦੋ ਛੱਕੇ ਲਗਾ ਕੇ ਆਪਣੀ ਟੀਮ ਨੂੰ ਜਿੱਤ ਦਵਾ ਦਿੱਤੀ।