ਆਖਰਕਾਰ, ਗੁਜਰਾਤ ਟਾਈਟਨਜ਼ ਦੇ ਮਜ਼ਬੂਤ ਕਿਲੇ ਵਿੱਚ ਦਰਾਰਾਂ ਆ ਹੀ ਗਈਆਂ ਹਨ। ਦਰਅਸਲ IPL 2024 ਦੇ ਆਪਣੇ ਚੌਥੇ ਮੈਚ ਵਿੱਚ ਗੁਜਰਾਤ ਟਾਈਟਨਸ ਨੂੰ ਉਸ ਦੇ ਘਰੇਲੂ ਮੈਦਾਨ ਨਰਿੰਦਰ ਮੋਦੀ ਸਟੇਡੀਅਮ ਵਿੱਚ ਪੰਜਾਬ ਕਿੰਗਜ਼ ਦੇ ਹੱਥੋਂ ਇੱਕ ਰੋਮਾਂਚਕ ਮੈਚ ਵਿੱਚ 3 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕਪਤਾਨ ਸ਼ੁਭਮਨ ਗਿੱਲ ਦੀ 89 ਦੌੜਾਂ ਦੀ ਸ਼ਾਨਦਾਰ ਪਾਰੀ ‘ਤੇ ਸ਼ਸ਼ਾਂਕ ਸਿੰਘ (ਅਜੇਤੂ 61) ਦੀ ਸ਼ਾਨਦਾਰ ਪਾਰੀ ਨੇ ਪਾਣੀ ਫੇਰ ਦਿੱਤਾ, ਜਿਸ ਨੇ ਪੰਜਾਬ ਨੂੰ ਇਸ ਸੈਸ਼ਨ ਦੀ ਦੂਜੀ ਜਿੱਤ ਦਿਵਾਈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੇ 199 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਸੀ, ਜੋ ਪੰਜਾਬ ਨੇ ਖਰਾਬ ਸ਼ੁਰੂਆਤ ਦੇ ਬਾਵਜੂਦ ਹਾਸਿਲ ਕਰ ਲਿਆ। ਇਹ ਇਸ ਸੀਜ਼ਨ ਦਾ ਸਭ ਤੋਂ ਵੱਡਾ ਸਫਲ ਪਿੱਛਾ (ਚੇਜ) ਵੀ ਹੈ।
ਨਰਿੰਦਰ ਮੋਦੀ ਸਟੇਡੀਅਮ ‘ਚ 199 ਦੌੜਾਂ ਦਾ ਮਜ਼ਬੂਤ ਸਕੋਰ ਬਣਾਉਣ ਤੋਂ ਬਾਅਦ ਗੁਜਰਾਤ ਨੇ ਪੰਜਾਬ ਦੀਆਂ 4 ਵਿਕਟਾਂ ਸਿਰਫ 70 ਦੌੜਾਂ ‘ਤੇ ਹੀ ਸਮੇਟ ਦਿੱਤੀਆਂ ਸਨ। ਇੱਥੋਂ ਹੀ ਸ਼ਸ਼ਾਂਕ ਸਿੰਘ ਦੀ ਐਂਟਰੀ ਹੋਈ, ਜਿਸ ਨੇ ਪਹਿਲਾਂ ਸਿਕੰਦਰ ਰਜ਼ਾ ਅਤੇ ਫਿਰ ਜਿਤੇਸ਼ ਸ਼ਰਮਾ ਨਾਲ ਛੋਟੀ ਪਰ ਮਹੱਤਵਪੂਰਨ ਸਾਂਝੇਦਾਰੀ ਕੀਤੀ। ਫਿਰ impact ਦੇ ਬਦਲ ਵਾਲੇ ਆਸ਼ੂਤੋਸ਼ ਸ਼ਰਮਾ ਦੇ ਨਾਲ ਮਿਲ ਕੇ ਸ਼ਸ਼ਾਂਕ ਨੇ ਗੁਜਰਾਤ ਦੇ ਗੇਂਦਬਾਜ਼ਾਂ ‘ਤੇ ਹਮਲਾ ਕੀਤਾ। ਦੋਵਾਂ ਨੇ ਮਿਲ ਕੇ ਸਿਰਫ 22 ਗੇਂਦਾਂ ‘ਤੇ 43 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਪੰਜਾਬ ਨੂੰ ਆਖਰੀ ਓਵਰ ਵਿੱਚ 7 ਦੌੜਾਂ ਦੀ ਲੋੜ ਸੀ, ਜੋ ਟੀਮ ਨੇ 1 ਗੇਂਦ ਬਾਕੀ ਰਹਿੰਦਿਆਂ ਹੀ ਹਾਸਿਲ ਕਰ ਲਈਆਂ।