ਜਿਵੇਂ-ਜਿਵੇਂ ਪੰਜਾਬ ‘ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਓਦਾਂ-ਓਦਾਂ ਸੂਬੇ ‘ਚ ਸਿਆਸੀ ਹਲਚਲ ਵੀ ਵੱਧਦੀ ਹੀ ਜਾ ਰਹੀ ਹੈ। ਸਿਆਸੀ ਪਾਰਟੀਆਂ ਵੱਲੋਂ ਸੱਤਾ ਵਿੱਚ ਆਉਣ ਲਈ ਰੋਜ਼ ਨਵੇਂ-ਨਵੇਂ ਐਲਾਨ ਤੇ ਵਾਅਦੇ ਕੀਤੇ ਜਾ ਰਹੇ ਹਨ। ਲੋਕਾਂ ਨੂੰ ਆਪਣੇ ਪਾਰਟੀ ਦੇ ਹੱਕ ਵਿੱਚ ਭੁਗਤਾਉਣ ਲਈ ਪਾਰਟੀ ਲੀਡਰ ਹਰ ਹੀਲਾ ਵਸੀਲਾ ਵਰਤ ਰਹੇ ਹਨ। ਇਸ ਵਿਚਾਲੇ ਸਿਆਸੀ ਆਗੂਆਂ ਵਿਚਾਲੇ ਸ਼ਬਦੀ ਵਾਰ ਜਾਰੀ ਹੈ। CM ਚੰਨੀ ਤੇ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਇੱਕ ਦੂਜੇ ‘ਤੇ ਲਗਾਤਾਰ ਨਿਸ਼ਾਨੇ ਸਾਧੇ ਜਾ ਰਹੇ ਹਨ।
ਬੀਤੇ ਦਿਨ ਇੱਕ ਇੰਟਰਵਿਊ ਦੌਰਾਨ ਮੁੱਖ ਮੰਤਰੀ ਚੰਨੀ ਨੇ ਵੀ ਵਿਰੋਧੀ ਧਿਰਾਂ ਉਤੇ ਸ਼ਬਦੀ ਵਾਰ ਵੀ ਕੀਤੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੂਜੇ ਸੂਬੇ ਦਾ ਹੈ, ਉਹ ਇੱਥੇ ਆ ਕੇ ਕਿਉਂ ਰਾਜ ਕਰਨ। ਪੰਜਾਬ ਉਤੇ ਪੰਜਾਬ ਦੇ ਵਾਸੀ ਰਾਜ ਕਰਨਗੇ। ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਅਕਸਰ ਹੀ ‘ਆਪ’ ਦੇ ਪੋਸਟਰਾਂ ‘ਤੇ ਲਿਖਿਆ ਹੁੰਦਾ ਹੈ ਇਸ ਵਾਰ ਕੇਜਰੀਵਾਲ। ਉਨ੍ਹਾਂ ਕਿਹਾ ਕਿ ਮੈਂ ਸਿਰਫ਼ ਹੀ ਪੁੱਛਣਾ ਚਾਹੁੰਦਾ ਹਾਂ ਕਿ ਇਸ ਵਾਰ ਪੰਜਾਬ ਦੇ ਲੋਕ ਕਿਉਂ ਨਹੀਂ। ਪੋਸਟਰਾਂ ਵਿੱਚ ਸਿਰਫ ਕੇਜਰੀਵਾਲ ਦੀ ਫੋਟੋ ਹੁੰਦੀ, ਕਿਉਂਕਿ ਉਹ ਆਪ ਹੀ ਪੰਜਾਬ ਵਿੱਚ ਰਾਜ ਕਰਨਾ ਚਾਹੁੰਦੇ ਹਨ। ਪੰਜਾਬ ‘ਚ ਬਾਹਰਲਾ ਬੰਦਾ ਰਾਜ ਕਿਉਂ ਕਰੇ, ਇਹ ਕੋਈ ਸ਼ਾਮਲਾਟ ਦੀ ਜ਼ਮੀਨ ਹੈ ਜਿਹੜਾ ਮਰਜ਼ੀ ਦੱਬ ਲਵੇ।