ਖੇਡਾਂ ਦੇ ਮਹਾਂਕੁੰਭ ਯਾਨੀ ਕਿ ਟੋਕਿਓ ਓਲੰਪਿਕ ਦਾ ਅੱਜ ਨੌਵਾਂ ਦਿਨ ਹੈ। ਅੱਜ ਭਾਰਤ ਨੂੰ ਵੀ ਆਪਣੇ ਖਿਡਾਰੀਆਂ ਤੋਂ ਮੈਡਲ ਦੀ ਉਮੀਦ ਹੈ। ਹਾਲਾਂਕਿ ਕਿ ਸ਼ਨੀਵਾਰ ਨੂੰ ਭਾਰਤ ਦੀ ਸ਼ੁਰੂਆਤ ਕਾਫੀ ਖਰਾਬ ਰਹੀ ਹੈ। ਪਰ ਬਾਕੀ ਖਿਡਾਰੀਆਂ ਤੋਂ ਅਜੇ ਵੀ ਮੈਡਲ ਦੀ ਉਮੀਦ ਹੈ। ਇਸ ਤੋਂ ਪਹਿਲਾ ਬੀਤੇ ਦਿਨ ਮਹਿਲਾ ਹਾਕੀ ਟੀਮ ਸਣੇ ਪੁਰਸ਼ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਹਾਕੀ ਦੇ ਖਿਡਾਰੀਆਂ ਲਈ ਇੱਕ ਵੱਡਾ ਐਲਾਨ ਕੀਤਾ ਹੈ। ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਟੋਕਿਓ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਪੰਜਾਬ ਦੇ ਹਾਕੀ ਖਿਡਾਰੀਆਂ ਨੂੰ ਹੁਣ ਇਨ੍ਹਾਂ ਖੇਡਾਂ ਵਿੱਚ ਟੀਮ ਦੇ ਸੋਨ ਤਗਮਾ ਜਿੱਤਣ ‘ਤੇ ਵੱਖਰੇ ਤੌਰ ‘ਤੇ 2.25 ਕਰੋੜ ਰੁਪਏ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਪੂਰੀ ਟੀਮ ਨੂੰ ਸੋਨੇ ਦਾ ਤਗਮਾ ਜਿੱਤਣ ਲਈ 2.25 ਕਰੋੜ ਰੁਪਏ ਦੀ ਰਕਮ ਦਿੱਤੀ ਜਾਣੀ ਸੀ।
ਪੰਜਾਬ ਭਵਨ ਵਿਖੇ ਯੁਵਾ ਵਿਕਾਸ ਬੋਰਡ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਰਾਣਾ ਸੋਢੀ ਨੇ ਕਿਹਾ ਕਿ ਪੰਜਾਬ ਦੇ ਕੁੱਲ 20 ਖਿਡਾਰੀਆਂ ਵਿੱਚੋਂ 11 ਖਿਡਾਰੀ ਟੋਕੀਓ ਓਲੰਪਿਕ ਵਿੱਚ ਹਿੱਸਾ ਲੈਣ ਵਾਲੀ ਭਾਰਤੀ ਹਾਕੀ ਟੀਮ ਵਿੱਚ ਆਪਣਾ ਸਰਬੋਤਮ ਪ੍ਰਦਰਸ਼ਨ ਕਰ ਰਹੇ ਹਨ। ਖਿਡਾਰੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ‘ਤੇ ਵਧਾਈ ਦਿੰਦਿਆਂ ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਅਸੀਂ ਓਲੰਪਿਕ ਵਿੱਚ 3 ਤੋਂ 4 ਤਮਗੇ ਜਿੱਤਣ ਜਾ ਰਹੇ ਹਾਂ।