ਭਗਵੰਤ ਮਾਨ ਸਰਕਾਰ ਨੇ ਸੂਬੇ ਵਿੱਚ ਵੀਆਈਪੀ ਸੁਰੱਖਿਆ ਉਤੇ ਵੱਡਾ ਕੱਟ ਲਾਇਆ ਹੈ। ਸਰਕਾਰ ਨੇ ਕਈ ਅਹਿਮ ਸ਼ਖਸੀਅਤਾਂ ਸਣੇ 424 ਲੋਕਾਂ ਦੀ ਸੁਰੱਖਿਆ ਵਾਪਸ ਲੈ ਲਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਸੱਤਾ ਵਿੱਚ ਆਏ ਲਗਭਗ ਦੋ ਮਹੀਨਿਆਂ ਦਾ ਸਮਾਂ ਹੋ ਚੁੱਕਾ ਹੈ। ਇਸ ਮਿਆਦ ਦੌਰਾਨ CM ਮਾਨ ਵੱਲੋਂ ਲਗਾਤਾਰ ਲੋਕ ਹਿੱਤ ਲਈ ਵੱਡੇ-ਵੱਡੇ ਫੈਸਲੇ ਲਏ ਗਏ ਹਨ।
ਮੁੱਖ ਮੰਤਰੀ ਮਾਨ ਸ਼ੁਰੂ ਤੋਂ ਹੀ ਵੀਆਈਪੀ ਕਲਚਰ ਦੇ ਖਿਲਾਫ ਰਹੇ ਹਨ। ਪਹਿਲਾਂ ਵੀ ਸੂਬਾ ਸਰਕਾਰ ਵੱਲੋਂ ਇਸ ‘ਤੇ ਕਾਰਵਾਈ ਕੀਤੀ ਜਾ ਚੁੱਕੀ ਹੈ। ਅੱਜ ਫਿਰ ਤੋਂ ਮੁੱਖ ਮੰਤਰੀ ਮਾਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਜਿਸ ਤਹਿਤ ਵੀਆਈਪੀ ਕਲਚਰ ਨੂੰ ਘਟਾਉਣ ਲਈ 424 ਲੋਕਾਂ ਦੀ ਸੁਰੱਖਿਆ ਵਾਪਿਸ ਲਈ ਗਈ ਹੈ। ਇਨ੍ਹਾਂ ਵਿਚ ਡੇਰਾ ਮੁਖੀਆਂ ਸਣੇ ਸਾਬਕਾ ਪੁਲਿਸ ਅਫ਼ਸਰ ਸ਼ਾਮਿਲ ਹਨ। ਸਾਬਕਾ ਵਿਧਾਇਕਾਂ ਤੇ ਰਸੂਖਦਾਰਾਂ ਤੋਂ ਵੀ ਸੁਰੱਖਿਆ ਵਾਪਿਸ ਲਈ ਗਈ ਹੈ। ਸਰਕਾਰ ਨੇ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ, ਰਾਣਾ ਕੇਪੀ, ਬਿਰਕਮ ਮਜੀਠੀਆ ਦੀ ਪਤਨੀ ਗਵੀਨ ਕੌਰ, ਬਲਵਿੰਦਰ ਲਾਡੀ, ਦਵਿੰਦਰ ਘੁਬਾਇਆ, ਹਰਦਿਆਲ ਕੰਬੋਜ, ਜਗਦੇਵ ਕਮਾਲੂ, ਕੁਲਜੀਤ ਨਾਗਰਾ, ਰੁਪਿੰਦਰ ਰੂਬੀ, ਸੁਖਦੇਵ ਸਿੰਘ ਢੀਂਡਸਾ, ਨਿਰਮਲ ਸਿੰਘ ਸ਼ੁਤਰਾਣਾ ਸਣੇ 424 ਲੋਕਾਂ ਦੀ ਸੁਰੱਖਿਆ ਵਾਪਿਸ ਲੈ ਲਈ ਹੈ।