ਪੰਜਾਬ ਦੇ ਸਕੂਲਾਂ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 2 ਲੱਖ ਦਾਖਲੇ ਘਟੇ ਹਨ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਦਾਖਲੇ 2016 ਤੋਂ ਲਗਾਤਾਰ ਵੱਧ ਰਹੇ ਹਨ। ਜਿਸ ਵਿੱਚ ਇਸ ਸਾਲ ਕਮੀ ਆਈ ਹੈ। ਇਸ ਮਸਲੇ ‘ਤੇ ਮੌਜੂਦਾ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਪਿਛਲੀ ਕਾਂਗਰਸ ਸਰਕਾਰ ‘ਚ ਸਿੱਖਿਆ ਮੰਤਰੀ ਰਹੇ ਪਰਗਟ ਸਿੰਘ ਹੁਣ ਆਹਮੋ ਸਾਹਮਣੇ ਆ ਗਏ ਹਨ। ਦੋਵਾਂ ਨੇ ਇਸ ਲਈ ਇੱਕ ਦੂਜੇ ਨੂੰ ਜਿੰਮੇਵਾਰ ਠਹਿਰਾਇਆ ਹੈ।
ਸਾਬਕਾ ਸਿੱਖਿਆ ਮੰਤਰੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਦਿੱਲੀ ਦਾ ਅਖੌਤੀ ਮਾਡਲ ਤਬਾਹ ਹੋ ਗਿਆ ਹੈ। ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਦੇ ਪਹਿਲੇ ਸਾਲ ਵਿੱਚ 2 ਲੱਖ ਦਾਖਲੇ ਘੱਟ ਗਏ ਹਨ। ਸਰਕਾਰੀ ਸਕੂਲਾਂ ਵਿੱਚ ਦਾਖ਼ਲੇ 2016 ਤੋਂ ਲਗਾਤਾਰ ਵੱਧ ਰਹੇ ਸੀ। ਸਿੱਖਿਆ ਦੇ ਖੇਤਰ ਵਿੱਚ ਪਿਛਲੀ ਕਾਂਗਰਸ ਸਰਕਾਰ ਦੀ ਸਖ਼ਤ ਮਿਹਨਤ ਬਰਬਾਦ ਹੋ ਗਈ। ਮੌਜੂਦਾ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਪ੍ਰਗਟ ਸਿੰਘ ਨੂੰ ਜਵਾਬ ਦਿੰਦਿਆਂ ਕਿਹਾ ਕਿ ਸਿੱਖਿਆ ਮੰਤਰੀ ਹੋਣ ਦੇ ਨਾਤੇ ਆਪਣੀ ਅਸਫਲਤਾ ਦੀ ਜ਼ਿੰਮੇਵਾਰੀ ਦੂਜਿਆਂ ਦੇ ਮੋਢਿਆਂ ‘ਤੇ ਨਾ ਪਾਓ। ਹਰ ਸਾਲ 14 ਨਵੰਬਰ ਤੋਂ ਦਾਖਲੇ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਂਦੀ ਹੈ। ਪਿਛਲੇ ਸਾਲ ਇਹ ਡਰਾਈਵ ਕੰਮ ਨਹੀਂ ਕਰ ਸਕੀ। ਪਰਗਟ ਸਿੰਘ ਉਦੋਂ ਸਿੱਖਿਆ ਮੰਤਰੀ ਸਨ। ਇੰਨਾ ਹੀ ਨਹੀਂ ਪਰਗਟ ਸਿੰਘ ਦੀ ਲਾਪਰਵਾਹੀ ਕਾਰਨ ਇਸ ਵਾਰ ਕਿਤਾਬਾਂ ਵੀ ਸਮੇਂ ਸਿਰ ਨਹੀਂ ਛਪ ਸਕੀਆਂ।
ਦਰਅਸਲ, ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪ੍ਰਾਇਮਰੀ ਤੋਂ 12ਵੀਂ ਜਮਾਤ ਤੱਕ ਕੁੱਲ 28.36 ਲੱਖ ਦਾਖ਼ਲੇ ਹੋਏ ਹਨ। ਜਦੋਂ ਕਿ 2021-22 ਵਿੱਚ, ਇਹ ਦਾਖਲੇ 30.40 ਲੱਖ ਸਨ। ਪਿਛਲੇ ਸਾਲ 10.53% ਦੇ ਵਾਧੇ ਦੇ ਮੁਕਾਬਲੇ ਇਸ ਵਾਰ ਦਾਖਲਿਆਂ ਵਿੱਚ ਲਗਭਗ 7% ਦੀ ਕਮੀ ਆਈ ਹੈ।