ਪੰਜਾਬ ਵਿੱਚ ਜ਼ਮੀਨ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਅਤੇ ਪਰਾਲੀ ਸਾੜਨ ਕਾਰਨ ਵਧ ਰਹੇ ਪ੍ਰਦੂਸ਼ਣ ਦੇ ਮੱਦੇਨਜ਼ਰ ਸਰਕਾਰ ਨੇ ਝੋਨੇ ਦੀ ਪੂਸਾ-44 ਕਿਸਮ ‘ਤੇ ਪਾਬੰਦੀ ਲਗਾ ਦਿੱਤੀ ਹੈ। ਝੋਨੇ ਦੀ ਇਹ ਕਿਸਮ, ਜੋ ਜ਼ਿਆਦਾ ਪਾਣੀ ਦੀ ਖਪਤ ਕਰਦੀ ਹੈ ਅਤੇ 20 ਫੀਸਦੀ ਜ਼ਿਆਦਾ ਪਰਾਲੀ ਪੈਦਾ ਕਰਦੀ ਹੈ, ਅਗਲੇ ਸੀਜ਼ਨ ਤੋਂ ਨਹੀਂ ਬੀਜੀ ਜਾਵੇਗੀ। ਹਾਲਾਂਕਿ ਪੂਸਾ-44 ਝੋਨਾ ਇੱਕ ਉੱਚ ਝਾੜ ਦੇਣ ਵਾਲੀ ਕਿਸਮ ਹੈ, ਪਰ ਬਿਹਤਰ ਮਾਹੌਲ ਲਈ ਸਰਕਾਰ ਅਗਲੇ ਸਾਲ ਤੋਂ ਇਸ ਦੀ ਖਰੀਦ ਨਹੀਂ ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਪੂਸਾ-44 ਦੀ ਬਿਜਾਈ ਬੰਦ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਪਾਣੀ ਜਿਆਦਾ ਦੀ ਵਰਤੋਂ ਕਰਨ ਵਾਲੀ ਇਹ ਕਿਸਮ ਨਾ ਸਿਰਫ਼ ਪੱਕਣ ਵਿੱਚ ਜ਼ਿਆਦਾ ਸਮਾਂ ਲੈਂਦੀ ਹੈ, ਸਗੋਂ ਬਹੁਤ ਜ਼ਿਆਦਾ ਪਰਾਲੀ ਵੀ ਪੈਦਾ ਕਰਦੀ ਹੈ।
ਇਸ ਸਾਲ ਪੰਜਾਬ ਵਿੱਚ 2 ਕਰੋੜ ਟਨ ਝੋਨੇ ਦੀ ਪਰਾਲੀ ਦਾ ਉਤਪਾਦਨ ਹੋਣ ਦਾ ਅਨੁਮਾਨ ਹੈ। ਇਸ ਵਿੱਚ ਬਾਸਮਤੀ ਦੀ ਪਰਾਲੀ ਸਿਰਫ਼ 3.3 ਟਨ ਹੈ। ਪੂਸਾ-44 ਝੋਨੇ ਨੂੰ ਪੱਕਣ ਲਈ 152 ਦਿਨ ਲੱਗਦੇ ਹਨ। ਇਹ ਕਿਸਮ ਹੋਰ ਕਿਸਮਾਂ ਦੇ ਮੁਕਾਬਲੇ 20 ਪ੍ਰਤੀਸ਼ਤ ਜ਼ਿਆਦਾ ਪਰਾਲੀ ਪੈਦਾ ਕਰਦੀ ਹੈ। ਇਸ ਦੇ ਉਲਟ, PR-126 ਕਿਸਮ ਦੇ ਝੋਨੇ ਨੂੰ ਪੱਕਣ ਲਈ ਸਿਰਫ਼ 92 ਦਿਨ ਲੱਗਦੇ ਹਨ। ਦੋਵਾਂ ਕਿਸਮਾਂ ਵਿੱਚ ਦੋ ਮਹੀਨਿਆਂ ਦਾ ਅੰਤਰ ਹੈ। ਆਈਏਆਰਆਈ ਨੇ ਤਿੰਨ ਸਾਲ ਪਹਿਲਾਂ ਪੂਸਾ-44 ਦੇ ਬਰੀਡਰ ਬੀਜ ਉਤਪਾਦਨ ‘ਤੇ ਰੋਕ ਲਗਾ ਦਿੱਤੀ ਸੀ।