ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ’ਤੇ ਗਏ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਰਾਜਪਾਲ ਨੇ ਕਿਹਾ ਕਿ ਹੁਣ ਨਸ਼ੇ ਸਕੂਲਾਂ ਤੱਕ ਵੀ ਪਹੁੰਚ ਗਏ ਹਨ। ਹਾਲਾਤ ਇਹ ਹਨ ਕਿ ਪਿੰਡਾਂ ਵਿੱਚ ਨਸ਼ੇ ਜਨਰਲ ਸਟੋਰਾਂ ’ਤੇ ਮਿਲਣ ਵਾਲੇ ਸਮਾਨ ਵਾਂਗ ਮਿਲਦੇ ਹਨ। ਰਾਜਪਾਲ ਨੇ ਕਿਹਾ ਕਿ ਮਾਪੇ ਆਪਣੇ ਬੱਚਿਆਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਜਾਂਦੇ ਦੇਖ ਕੇ ਚਿੰਤਤ ਹਨ ਪਰ ਉਹ ਚਾਹੁੰਦੇ ਹੋਏ ਵੀ ਕੁਝ ਕਰਨ ਤੋਂ ਅਸਮਰੱਥ ਹਨ। ਬੱਚੇ ਡਰੱਗ ਮਾਫੀਆ ਦੇ ਚੁੰਗਲ ਵਿੱਚ ਫਸ ਗਏ ਹਨ।
ਰਾਜਪਾਲ ਨੇ ਇਸ ਮੌਕੇ ਪੰਜਾਬ ਪੁਲਿਸ ‘ਤੇ ਵੀ ਸਖ਼ਤ ਟਿੱਪਣੀ ਕੀਤੀ। ਰਾਜਪਾਲ ਨੇ ਕਿਹਾ ਕਿ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਪੰਜਾਬ ਪੁਲਿਸ ਦੇ ਕਈ ਮੁਲਾਜ਼ਮ ਵੀ ਨਸ਼ੇ ਦੇ ਆਦੀ ਹੋ ਚੁੱਕੇ ਹਨ। ਰਾਜਪਾਲ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਪਾਕਿਸਤਾਨ ਤੋਂ ਆ ਰਹੇ ਹਨ। ਭਾਵੇਂ ਸਰਹੱਦ ‘ਤੇ ਪੂਰੀ ਸਖ਼ਤੀ ਹੈ ਪਰ ਫਿਰ ਵੀ ਚੋਰ ਰਸਤਿਆਂ ਰਾਹੀਂ ਨਸ਼ੇ ਇੱਥੇ ਪਹੁੰਚ ਰਹੇ ਹਨ। ਇਸ ਲਈ ਪੰਜਾਬ ਹੀ ਨਹੀਂ ਕੇਂਦਰ ਸਰਕਾਰ ਨੂੰ ਵੀ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਉਹ ਸਰਹੱਦੀ ਖੇਤਰਾਂ ਦੀ ਹਕੀਕਤ ਨੂੰ ਦੇਖਣ ਅਤੇ ਸਮਝਣ ਲਈ ਹੀ ਦੌਰੇ ’ਤੇ ਗਏ ਸਨ। ਉਨ੍ਹਾਂ ਪੰਜਾਬ ਸਰਕਾਰ ਨੂੰ ਇਹ ਵੀ ਕਿਹਾ ਕਿ ਜੇਕਰ ਨਸ਼ਿਆਂ ‘ਤੇ ਕਾਬੂ ਪਾਉਣ ਲਈ ਸਾਧਨਾਂ ਦੀ ਕਮੀ ਹੈ ਤਾਂ ਉਹ ਕੇਂਦਰ ਤੋਂ ਖੁੱਲ੍ਹ ਕੇ ਮੰਗ ਲੈਣ।
ਰਾਜਪਾਲ ਨੇ ਕਿਹਾ ਕਿ ਉਹ ਲੋਕਾਂ ਨੂੰ ਮਿਲੇ ਹਨ। ਉਨ੍ਹਾਂ ਨੇ ਮਹਿਸੂਸ ਕੀਤਾ ਹੈ ਕਿ ਲੋਕ ਬੇਵੱਸ ਹਨ। ਨਸ਼ਿਆਂ ਅੱਗੇ ਬੇਵੱਸ ਮਹਿਸੂਸ ਕਰਦੇ ਹਾਂ। ਉਨ੍ਹਾਂ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਨੌਜਵਾਨ ਪੀੜੀ ਸ਼ਰਾਬ ਪੀ ਕੇ ਘਰਾਂ ਵਿੱਚ ਚੋਰੀਆਂ ਵੀ ਕਰਨ ਲੱਗ ਪਈ ਹੈ। ਉਹ ਨਸ਼ਿਆਂ ਦੇ ਇੰਨੇ ਗੁਲਾਮ ਹੋ ਗਏ ਹਨ ਕਿ ਉਹ ਇਸ ਲਈ ਕੁਝ ਵੀ ਕਰਨ ਨੂੰ ਤਿਆਰ ਹਨ।