ਰੋਜ਼ੀ ਰੋਟੀ ਖਾਤਿਰ ਵਿਦੇਸ਼ਾ ਜਾ ਵੱਸੇ ਪੰਜਾਬੀਆਂ ਦੀ ਦੂਜੀ ਪੀੜ੍ਹੀ ਹਰ ਖੇਤਰਾਂ ਵਿੱਚ ਵੱਡੀਆਂ ਮੱਲਾਂ ਮਾਰ ਰਹੀ ਹੈ। ਹਰ ਖੇਤਰ ਦੇ ਵਿੱਚ ਪੰਜਾਬੀਆਂ ਨੇ ਆਪਣਾ ਨਾਮ ਚਮਕਾਇਆ ਹੈ, ਭਾਵੇਂ ਭਾਰਤ ਹੋਵੇ ਜਾ ਭਾਰਤ ਤੋਂ ਬਾਹਰ ਦੀ ਗੱਲ ਹੋਵੇ। ਫਿਰ ਉਹ ਭਾਵੇ ਖੇਡਾਂ ਦਾ ਖੇਤਰ ਹੋਵੇ ਜਾ ਫਿਰ ਰਾਜਨੀਤੀ ਦਾ। ਜੇਕਰ ਦੁਨੀਆ ਦੇ ਅਮਰੀਕਾ, ਕੈਨੇਡਾ, ਇੰਗਲੈਂਡ ਜਾ ਨਿਊਜ਼ੀਲੈਂਡ ਆਦਿ ਵਰਗੇ ਵੱਡੇ ਦੇਸ਼ਾ ਦੀ ਗੱਲ ਕੀਤੀ ਜਾਵੇ ਤਾਂ ਹਰ ਦੇਸ਼ ਵਿੱਚ ਪੰਜਾਬੀ ਪ੍ਰਮੁੱਖ ਅਹੁਦਿਆਂ ‘ਤੇ ਹਨ। ਜਿਨ੍ਹਾਂ ਦੀ ਪੂਰੀ ਦੁਨੀਆ ਦੇ ਵਿੱਚ ਚਰਚਾ ਕੀਤੀ ਜਾਂਦੀ ਹੈ। ਇਸੇ ਤਰਾਂ ਹੁਣ ਪੰਜਾਬੀਆਂ ਦਾ ਮਾਣ ਵਧਾਉਣ ਵਾਲੀ ਇੱਕ ਖਬਰ ਦੂਜਾ ਪੰਜਾਬ ਕਹੇ ਜਾਂਦੇ ਦੇਸ਼ ਕੈਨੇਡਾ ਤੋਂ ਆਈ ਹੈ। ਜਿੱਥੇ ਦੋ ਪੰਜਾਬੀ ਮੁਟਿਆਰਾਂ ਜਸਪ੍ਰੀਤ ਜੈਸੀ ਸੁੰਨੜ ਅਤੇ ਮਾਨਵ ਗਿੱਲ ਨੂੰ ਸਰੀ ਪੁਲਿਸ ਬੋਰਡ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।
ਬ.ਸੀ. ਦੇ ਪੰਜਾਬੀ ਭਾਈਚਾਰੇ ਵੱਲੋਂ ਇਨ੍ਹਾਂ ਨਿਯੁਕਤੀਆਂ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਮਾਨਵ ਗਿੱਲ ਦੀ ਨਿਯੁਕਤੀ ਦੀ ਮਿਆਦ 31 ਦਸੰਬਰ, 2022 ਤੱਕ ਰਹੇਗੀ ਅਤੇ ਜਸਪ੍ਰੀਤ ਸੁੰਨੜ ਦੀ ਨਿਯੁਕਤੀ 30 ਜੂਨ 2023 ਤੱਕ ਕੀਤੀ ਗਈ ਹੈ। ਦੱਸ ਦੇਈਏ ਕਿ ਕੈਲਗਰੀ ਯੂਨੀਵਰਸਿਟੀ ਤੋਂ ਜੂਰੀਸ ਡਾਕਟਰ ਅਤੇ ਸਾਈਮਨ ਫ੍ਰੇਜ਼ਰ ਯੂਨੀਵਰਸਿਟੀ ਤੋਂ ਬੀ.ਏ. ਕ੍ਰਿਮੀਨੌਲੋਜੀ ਦੀ ਡਿਗਰੀ ਹਾਸਿਲ ਕਰਨ ਵਾਲੀ ਜਸਪ੍ਰੀਤ ਜੱਸੀ ਸੁੰਨੜ ਹਸਪਤਾਲ ਕਰਮਚਾਰੀ ਯੂਨੀਅਨ ਲਈ ਇਨ-ਹਾਊਸ ਕਾਨੂੰਨੀ ਸਲਾਹਕਾਰ ਹੈ। ਉਹ ਕਿਰਤ ਸੰਬੰਧਾਂ, ਰੋਜ਼ਗਾਰ ਅਤੇ ਮਨੁੱਖੀ ਅਧਿਕਾਰਾਂ ਦੇ ਕਾਨੂੰਨ ਵਿੱਚ ਮਾਹਿਰ ਹੈ। ਜੈਸੀ ਨੂੰ ਆਮ ਅਤੇ ਵਿਵਾਦਗ੍ਰਸਤ ਮੁਕੱਦਮੇਬਾਜ਼ੀ ਦਾ ਤਜਰਬਾ ਹੈ। ਜਸਪ੍ਰੀਤ ਜੈਸੀ ਅੱਜ ਕੱਲ੍ਹ ਸਰੀ ਵਿਮੈਨਸ ਸੈਂਟਰ ਦੇ ਬੋਰਡਾਂ ਅਤੇ ਕੈਨੇਡਾ ਵਿੱਚ ਸੰਯੁਕਤ ਰਾਸ਼ਟਰ ਸੰਘ (ਵੈਨਕੂਵਰ ਬ੍ਰਾਂਚ) ‘ਚ ਸੇਵਾ ਨਿਭਾ ਰਹੀ ਹੈ। ਉਸ ਨੇ ਬੈਂਕਾਕ (ਥਾਈਲੈਂਡ) ‘ਚ ਸੰਯੁਕਤ ਰਾਸ਼ਟਰ ਦੇ ਦਫਤਰ ਨਾਲ ਵੀ ਕੰਮ ਕੀਤਾ ਹੈ।
ਉਸ ਨੇ ਵੱਖ-ਵੱਖ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੇ ਬੱਚਿਆਂ ਦੀ ਸੁਰੱਖਿਆ ਅਤੇ ਮਨੁੱਖੀ ਤਸਕਰੀ ਵਿਰੋਧੀ ਕਾਨੂੰਨ ਦਾ ਖਰੜਾ ਤਿਆਰ ਕਰਨ ਵਿੱਚ ਸਹਾਇਤਾ ਕੀਤੀ ਹੈ। ਉਹ ਕੈਨੇਡੀਅਨ ਬਾਰ ਐਸੋਸੀਏਸ਼ਨ ਬੀ. ਸੀ. ਫੈਮਿਲੀ ਲਾਅ ਸੈਕਸ਼ਨ ਐਗਜ਼ੀਕਿਊਟਿਵ ਵਿੱਚ ਵੀ ਸੇਵਾ ਨਿਭਾਅ ਚੁੱਕੀ ਹੈ। ਉਸ ਨੇ ਇਕੁਏਡੋਰ ‘ਚ ਵਿਕਾਸ ਪ੍ਰਾਜੈਕਟਾਂ ਵਿੱਚ ਸਵੈ-ਸੇਵੀ ਦੇ ਤੌਰ ‘ਤੇ ਵੀ ਕੰਮ ਕੀਤਾ ਹੈ। ਉੱਥੇ ਹੀ ਮਾਨਵ ਗਿੱਲ ਫਰੇਜ਼ਰ ਹੈਲਥ ਵਿਚ ਕਲੀਨਿਕਲ ਆਪ੍ਰੇਸ਼ਨ ਦੀ ਮੈਨੇਜਰ ਹੈ। ਸਿਹਤ ਸੁਰੱਖਿਆ ਖੇਤਰ ‘ਚ ਉਸ ਨੂੰ ਵਿਸ਼ਾਲ ਤਜਰਬਾ ਹਾਸਿਲ ਹੈ। ੳਹ ਬੀ.ਸੀ. ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਲਈ ਜਨਤਕ ਸਿਹਤ ਪ੍ਰਬੰਧਕ ਵੀ ਰਹੀ ਹੈ। ਮਾਨਵ ਗਿੱਲ ਨੇ ਵਿਕਟੋਰੀਆ ਯੂਨੀਵਰਸਿਟੀ ਤੋਂ ਬੀ.ਐਸ.ਸੀ. (ਨਰਸਿੰਗ) ਕੀਤੀ ਹੈ ਅਤੇ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ (ਯੂ.ਬੀ.ਸੀ.) ਤੋਂ ਮਾਸਟਰ ਆਫ਼ ਹੈਲਥ ਐਡਮਨਿਸਟ੍ਰੇਸ਼ਨ ਕੀਤੀ ਹੋਈ ਹੈ। ਉਪਲਬਧੀਆਂ ਦੇ ਕਾਰਨ ਹੀ ਦੋਵੇਂ ਪੰਜਾਬਣ ਮੁਟਿਆਰਾਂ ਨੂੰ ਕੈਨੇਡਾ ਦੇ ਸਰੀ ‘ਚ ਪੁਲਿਸ ਬੋਰਡ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।