ਚੋਣਾਂ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਨੇ ਹੁਣ ਹਾਥੀ, ਘੋੜੇ ਤੇ ਗਧੇ ਦੇ ਬਹਾਨੇ ਸਿਆਸਤ ਕਰਨੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਚੋਣਾਂ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸੀ ਇੱਕ-ਦੂਜੇ ‘ਤੇ ਨਿਸ਼ਾਨਾ ਸਾਧ ਰਹੇ ਹਨ। ਜਿੱਥੇ ਨਵਜੋਤ ਸਿੱਧੂ ਨੇ ਆਪਣੇ ਆਪ ਨੂੰ ਹਾਥੀ ਕਿਹਾ। ਸਿੱਧੂ ਨੇ ਕਿਹਾ ਕਿ ਮਿੱਟੀ ਨਾਲ ਲਿੱਬੜੇ ਹੋਏ ਹਾਥੀ ਨੂੰ ਵੀ ਸਨਮਾਨਿਤ ਕੀਤਾ ਜਾਂਦਾ ਹੈ। ਕੂਕਰ ਦੇ ਭਾਵੇਂ ਸੋਨੇ ਦੀਆਂ ਜ਼ੰਜੀਰਾਂ ਪਾਦੋ, ਉਸ ਦੀ ਇੱਜ਼ਤ ਨਹੀਂ ਹੁੰਦੀ। ਉਨ੍ਹਾਂ ਦੇ ਇਸ ਨੁਕਤੇ ਨੂੰ ਹਾਰ ਤੋਂ ਬਾਅਦ ਪੰਜਾਬ ‘ਚ ਆਪਣੀ ਅਹਿਮੀਅਤ ਦੱਸਣ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਦੂਜੇ ਪਾਸੇ ਪੰਜਾਬ ‘ਚ ਕਾਂਗਰਸ ਦੀ ਹਾਰ ‘ਤੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ‘ਚ ਗਧਿਆਂ ਨੇ ਸ਼ੇਰਾਂ ਨੂੰ ਮਰਵਾਂ ਦਿੱਤਾ ਹੈ। ਉਨ੍ਹਾਂ ਕਿਹਾ ਕਿ, ਕਦੇ ਸੁਣਿਆ ਸੀ ਕਿ ਗਿੱਦੜਾਂ ਨੇ ਸ਼ੇਰ ਦਾ ਸ਼ਿਕਾਰ ਕਰ ਲਿਆ। ਪਰ ਪੰਜਾਬ ਵਿੱਚ ਗਧਿਆਂ ਨੇ ਸ਼ੇਰਾਂ ਨੂੰ ਮਾਰਿਆ ਹੈ। ਜਿਨ੍ਹਾਂ ਨੂੰ ਹਾਈਕਮਾਂਡ ਨੇ ਜ਼ਿੰਮੇਵਾਰੀ ਦਿੱਤੀ ਸੀ, ਉਹ ਕੁੱਝ ਨਹੀਂ ਕਰ ਸਕੇ।
ਉੱਥੇ ਹੀ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪਾਰਟੀ ਨੂੰ ਪੰਜਾਬ ਵਿੱਚ ਅਰਬੀ ਘੋੜੇ ਭਜਾਉਣੇ ਚਾਹੀਦੇ ਸੀ। ਉਨ੍ਹਾਂ ਕਿਹਾ ਕਿ ਡਰਬੀ ਦੌੜ ਵਿੱਚ ਸਾਨੂੰ ਦੇਸੀ ਖੱਚਰਾਂ ਦੀ ਬਜਾਏ ਅਰਬੀ ਘੋੜੇ ਭਜਾਉਣੇ ਚਾਹੀਦੇ ਸੀ। ਦੇਸੀ ਖੱਚਰਾਂ ਤਾਂ ਅਖੀਰ ‘ਤੇ ਹੀ ਆਉਣਗੀਆਂ। ਹੁਣ ਕਾਂਗਰਸ ਦੀ ਇਸ ਸਿਆਸਤ ਦੀ ਕਾਫੀ ਚਰਚਾ ਹੋ ਰਹੀ ਹੈ।