ਪੰਜਾਬ ਦੀ ਸਿਆਸਤ ‘ਚ ਸ਼ਨੀਵਾਰ ਨੂੰ ਇੱਕ ਵੱਡਾ ਧਮਾਕਾ ਹੋਇਆ ਹੈ। ਪੰਜਾਬ ਦੀ ਸਿਆਸਤ ਵਿੱਚ ਤਖਤਾਂ ਪਲਟ ਹੋ ਚੁੱਕਿਆ ਹੈ, 2022 ਪੰਜਾਬ ਵਿਧਾਨ ਸਭਾ ਚੋਣ ਲੜਨ ਦੀ ਇੱਛਾ ਜਤਾਉਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕਿਉਂਕ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਕਾਂਗਰਸ ਵਿੱਚ ਸ਼ੁਰੂ ਹੋਇਆ ਕਾਟੋ ਕਲੇਸ਼ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਸੀ। ਉੱਥੇ ਹੀ ਸ਼ਾਇਦ ਹੀ ਕਿਸੇ ਨੇ ਇਹ ਨਹੀਂ ਸੋਚਿਆ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਕੌੜਾ ਘੁੱਟ ਪੀਣਾ ਪਵੇਗਾ। ਕੈਪਟਨ ਦੇ ਅਸਤੀਫੇ ਤੋਂ ਬਾਅਦ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਪੰਜਾਬ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ ?
ਇਸ ਸਮੇ ਸਭ ਦੀਆਂ ਨਜ਼ਰਾਂ ਦਿੱਲੀ ਵੱਲ ਹਨ ਕਿ ਅਗਲਾ ਮੁੱਖ ਮੰਤਰੀ ਕਿਸ ਨੂੰ ਬਣਾਇਆ ਜਾਵੇਗਾ। ਇਸ ਬਾਬਤ ਫੈਸਲਾ ਅੱਜ ਹੋਵੇਗਾ। ਅੱਜ ਯਾਨੀ ਐਤਵਾਰ 11 ਵਜੇ ਕਾਂਗਰਸ ਵਿਧਾਇਕ ਦਲ ਦੀ ਇੱਕ ਵਾਰ ਫੇਰ ਮੀਟਿੰਗ ਬੁਲਾਈ ਗਈ ਹੈ ਜਿਸ ਵਿੱਚ ਵਿਧਾਇਕ ਦਲ ਦਾ ਨੇਤਾ ਚੁਣਿਆ ਜਾਏਗਾ ਜੋ ਪੰਜਾਬ ਦਾ ਮੁੱਖ ਮੰਤਰੀ ਵੀ ਹੋਏਗਾ। ਪਰ ਇਹ ਫੈਸਲਾ ਵੀ ਦਿਲਚਸਪ ਹੋਵੇਗਾ ਕਿ ਕਾਂਗਰਸ ਕਿਸ ਨੂੰ ਪੰਜਾਬ ਦਾ ਕਪਤਾਨ ਬਣਾਏਗੀ। ਸੂਤਰਾਂ ਵੱਲੋ ਖਬਰਾਂ ਮਿਲੀਆਂ ਹਨ ਕਿ ਪੰਜਾਬ ਦੇ ਨਵੇਂ ਮੁੱਖ ਮੰਤਰੀ ਚੇਹਰੇ ‘ਤੇ ਵੀ ਪੇਚ ਫੱਸ ਗਿਆ ਹੈ। ਦਰਅਸਲ ਸੁਨੀਲ ਜਾਖੜ ਦੇ ਨਾਂਅ ‘ਤੇ ਕੁੱਝ ਮੰਤਰੀਆਂ ਨੇ ਇਤਰਾਜ਼ ਜਤਾਇਆ ਹੈ। ਨਵਜੋਤ ਸਿੱਧੂ ਵੀ ਮਾਝੇ ਦੇ ਉਨ੍ਹਾਂ ਮੰਤਰੀਆਂ ਦੇ ਨਾਲ ਹਨ। ਪਾਰਟੀ ਪ੍ਰਧਾਨ ਅਤੇ ਦੋਨੋਂ ਅਬਜ਼ਰਵਰਾਂ ਨੂੰ ਸ਼ਨੀਵਾਰ ਰਾਤ ਚੰਡੀਗੜ੍ਹ ‘ਚ ਹੀ ਰੁਕਣਾ ਪਿਆ ਹੈ। ਇਸ ਲਈ ਹੀ ਅਜੇ ਤੱਕ ਕੋਈ ਫੈਸਲਾ ਨਹੀਂ ਹੋ ਸਕਿਆ ਹੈ। ਪਰ ਉਮੀਦ ਹੈ ਕਿ ਅੱਜ ਪੰਜਾਬ ਨੂੰ ਨਵਾਂ ਮੁੱਖ ਮੰਤਰੀ ਮਿਲ ਜਾਵੇਗਾ।
ਦਰਅਸਲ ਕਾਂਗਰਸ ਵਿਧਾਇਕ ਦਲ ਦਾ ਲੀਡਰ ਚੁਣਨ ਲਈ ਸਾਰੇ ਅਧਿਕਾਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤੇ ਹਨ। ਹੁਣ ਹਾਈਕਮਾਨ ਦੇ ਫੈਸਲੇ ਦੀ ਉਡੀਕ ਹੈ। ਸੋਨੀਆ ਗਾਂਧੀ ਦੇ ਫੈਸਲੇ ਮਗਰੋਂ ਵਿਧਾਇਕ ਦਲ ਦੇ ਲੀਡਰ ਦਾ ਐਲਾਨ ਹੋਏਗਾ ਜੋ ਪੰਜਾਬ ਦਾ ਮੁੱਖ ਮੰਤਰੀ ਬਣੇਗਾ। ਸੂਤਰਾਂ ਮੁਤਾਬਕ ਕਾਂਗਰਸ ਦੇ ਮੌਜੂਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸਾਬਕਾ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਤੇ ਪ੍ਰਤਾਪ ਬਾਜਵਾ ਦਾ ਨਾਮ ਸਭ ਤੋਂ ਉਪਰ ਦੱਸਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਨਵਜੋਤ ਸਿੰਘ ਸਿੱਧੂ ਨੂੰ ਨਵਾਂ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਮੀਟਿੰਗ ਵਿਚ ਹਾਜ਼ਰ ਵਿਧਾਇਕਾਂ ਨੇ ਨਵਜੋਤ ਸਿੰਘ ਸਿੱਧੂ ਦੇ ਨਾਂ ਉਤੇ ਵੀ ਮੋਹਰ ਲਾਈ ਹੈ। ਦੱਸਣਯੋਗ ਹੈ ਕਿ ਨਵਜੋਤ ਸਿੰਘ ਸਿੱਧੂ 2017 ਵਿਚ ਕਾਂਗਰਸ ਵਿਚ ਸ਼ਾਮਿਲ ਹੋਏ ਸਨ। ਸੂਤਰਾਂ ਮੁਤਾਬਕ ਇਨ੍ਹਾਂ ਆਗੂਆਂ ਵਿਚੋਂ ਕਿਸੇ ਇਕ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਜਾ ਸਕਦਾ ਹੈ।