ਪੰਜਾਬ ਵਿਧਾਨ ਸਭਾ ਚੋਣਾਂ ‘ਚ ਕਰਾਰੀ ਹਾਰ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਸੀਐਮ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਰਾਜ ਭਵਨ ਪਹੁੰਚ ਕੇ ਚਰਨਜੀਤ ਸਿੰਘ ਚੰਨੀ ਨੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਿਆ ਹੈ। ਅਸਤੀਫ਼ਾ ਸੌਂਪਣ ਪਿੱਛੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਾਨੂੰ ਲੋਕਾਂ ਦਾ ਫ਼ਤਵਾ ਮਨਜ਼ੂਰ ਹੈ। ਦੱਸ ਦਈਏ ਕਿ ਚਰਨਜੀਤ ਸਿੰਘ ਚੰਨੀ ਨੇ ਦੋ ਸੀਟਾਂ ਭਦੌੜ ਅਤੇ ਸ੍ਰੀ ਚਮਕੌਰ ਸਾਹਿਬ ਤੋਂ ਚੋਣਾਂ ਲੜੀਆਂ ਸਨ ਅਤੇ ਦੋਵਾਂ ਹੀ ਸੀਟਾਂ ਤੋਂ ‘ਆਪ’ ਉਮੀਦਵਾਰਾਂ ਦੇ ਹੱਥੋਂ ਕਰਾਰੀ ਹਾਰ ਮਿਲੀ। ਭਦੌੜ ’ਚ ‘ਆਪ’ ਦੇ ਲਾਭ ਸਿੰਘ ਉੱਗੋਕੇ ਤੇ ਚਮਕੌਰ ਸਾਹਿਬ ’ਚ ਡਾ. ਚਰਨਜੀਤ ਸਿੰਘ ਨੇ ਹਰਾਇਆ। ਅਹਿਮ ਗੱਲ਼ ਹੈ ਕਿ ਚਮਕੌਰ ਸਾਹਿਬ ਉਨ੍ਹਾਂ ਦਾ ਗੜ੍ਹ ਮੰਨਿਆ ਜਾਂਦਾ ਸੀ ਜਿੱਥੋਂ ਉਹ ਤਿੰਨ ਵਾਰ ਜੇਤੂ ਰਹੇ ਸਨ।
ਸਾਬਕਾ ਸੀ.ਐੱਮ. ਨੇ ਅੱਜ ਮੰਤਰੀ ਮੰਡਲ ਦੀ ਬੈਠਕ ਸੱਦੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਅਸਤੀਫ਼ਾ ਰਾਜਪਾਲ ਨੂੰ ਸੌਂਪ ਦਿੱਤਾ। ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਸਿਰਫ਼ 18 ਸੀਟਾਂ ਤੋਂ ਜਿੱਤ ਹਾਸਲ ਹੋਈ, ਜਦਕਿ ਆਮ ਆਦਮੀ ਪਾਰਟੀ 92 ਸੀਟਾਂ ਨਾਲ ਸਰਕਾਰ ਬਣਾਉਣ ਜਾ ਰਹੀ ਹੈ।