ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) 24 ਜੁਲਾਈ ਤੋਂ ਗੁਰਬਾਣੀ ਪ੍ਰਸਾਰਣ ਲਈ ਆਪਣਾ ਯੂ-ਟਿਊਬ ਚੈਨਲ ਸ਼ੁਰੂ ਕਰਨ ਜਾ ਰਹੀ ਹੈ। ਇਹ ਚੈਨਲ ਦਿੱਲੀ ਦੀ ਇੱਕ ਕੰਪਨੀ ਨਾਲ ਸਮਝੌਤੇ ਅਨੁਸਾਰ ਸ਼ੁਰੂ ਹੋਵੇਗਾ। ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਹੁਕਮ ਦਿੱਤਾ ਹੈ ਕਿ ਜਦੋਂ ਤੱਕ ਸ਼੍ਰੋਮਣੀ ਕਮੇਟੀ ਆਪਣਾ ਸੈਟੇਲਾਈਟ ਚੈਨਲ ਸ਼ੁਰੂ ਨਹੀਂ ਕਰਦੀ, ਉਦੋਂ ਤੱਕ ਪੀਟੀਸੀ ਚੈਨਲ ਨੂੰ ਪਹਿਲਾਂ ਵਾਂਗ ਗੁਰਬਾਣੀ ਦਾ ਪ੍ਰਸਾਰਣ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਮੁੜ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਪੀਟੀਸੀ ਚੈਨਲ ਨੂੰ ਸੌਂਪਣ ਦਾ ਜ਼ਿਕਰ ਕੀਤਾ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ 24 ਜੁਲਾਈ ਤੋਂ ਸ਼੍ਰੋਮਣੀ ਕਮੇਟੀ ਦਾ ਯੂ-ਟਿਊਬ ਚੈਨਲ ‘ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ’ ਸ਼ੁਰੂ ਕਰਨ ਦਾ ਰਸਮੀ ਐਲਾਨ ਵੀ ਕੀਤਾ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸੰਗਤ ਇਸ ਵੇਲੇ ਪੀਟੀਸੀ ਚੈਨਲ ਤੋਂ ਪ੍ਰਸਾਰਣ ਜਾਰੀ ਰੱਖਣ ਦੀ ਮੰਗ ਕਰ ਰਹੀ ਹੈ ਕਿਉਂਕਿ ਹਰ ਥਾਂ ਇੰਟਰਨੈੱਟ ਸੇਵਾ ਉਪਲਬਧ ਨਹੀਂ ਹੈ। ਬਹੁਤ ਸਾਰੇ ਸਾਥੀ ਅਜਿਹੇ ਹਨ ਜਿਨ੍ਹਾਂ ਕੋਲ ਨਾ ਤਾਂ ਸਮਾਰਟਫੋਨ ਹੈ ਅਤੇ ਨਾ ਹੀ ਸਮਾਰਟ ਟੀ.ਵੀ. ਇਸ ਲਈ ਵੱਡੀ ਗਿਣਤੀ ਵਿੱਚ ਸੰਗਤ ਨੂੰ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ, ਗੁਰਬਾਣੀ ਪਾਠ, ਕੀਰਤਨ ਅਤੇ ਦਰਸ਼ਨਾਂ ਤੋਂ ਵਾਂਝਾ ਨਹੀਂ ਰੱਖਿਆ ਜਾ ਸਕਦਾ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਪੀਟੀਸੀ ਚੈਨਲ ਨੂੰ ਇਹ ਪੱਤਰ ਜਾਰੀ ਕੀਤਾ ਜਾ ਰਿਹਾ ਹੈ। ਪੱਤਰ ਵਿੱਚ ਪੀਟੀਸੀ ਪ੍ਰਬੰਧਕਾਂ ਨੂੰ ਪ੍ਰਸਾਰਣ ਜਾਰੀ ਰੱਖਣ ਦੀ ਅਪੀਲ ਕੀਤੀ ਗਈ ਹੈ।
ਸ਼੍ਰੋਮਣੀ ਕਮੇਟੀ ਦੇ ਫੈਸਲੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਕਿ ਹੈਰਾਨੀ ਦੀ ਗੱਲ ਹੈ ਕਿ ਐੱਸਜੀਪੀਸੀ ਇੱਕ ਨਿੱਜੀ ਚੈਨਲ ਨੂੰ ਹੀ ਬੇਨਤੀ ਕਰ ਰਹੀ ਹੈ ਕਿ ਤੁਸੀਂ ਪਵਿੱਤਰ ਗੁਰਬਾਣੀ ਦਾ ਪ੍ਰਸਾਰਣ ਕਰਦੇ ਰਹੋ..ਬਾਕੀਆਂ ਨੂੰ ਕਿਉਂ ਨਹੀਂ ?? ਕੀ ਉਹ ਚੈਨਲ ਰਾਹੀਂ ਇੱਕ ਪਰਿਵਾਰ ਨੂੰ ਫੇਰ ਅਨਿਸ਼ਚਤ ਸਮੇਂ ਲਈ ਗੁਰਬਾਣੀ ਦੇ ਅਧਿਕਾਰ ਦੇ ਦਿੱਤੇ ਜਾਣਗੇ ?? ਲਾਲਚ ਦੀ ਹੱਦ ਹੁੰਦੀ ਐ..” ਇਸ ਤੋਂ ਪਹਿਲਾਂ ਮਾਨ ਨੇ ਕਿਹਾ ਕਿ, ਐੱਸਜੀਪੀਸੀ ਨੂੰ 24 ਜੁਲਾਈ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਬਾਰੇ ਸਪੱਸ਼ਟ ਕਰਨਾ ਚਾਹੀਦਾ ਹੈ..ਸਾਰੇ ਚੈਨਲਾਂ ਨੂੰ free of cost ਅਤੇ free to air ਪ੍ਰਸਾਰਣ ਕਰਨ ਦੇਣਾ ਚਾਹੀਦਾ ਹੈ..ਜੇ ਸਰਕਾਰ ਨੂੰ ਸੇਵਾ ਦਾ ਮੌਕਾ ਮਿਲਦਾ ਹੈ ਤਾਂ ਅਸੀਂ 24 ਘੰਟਿਆਂ ‘ਚ ਸਾਰੇ ਪ੍ਰਬੰਧ ਕਰ ਦੇਵਾਂਗੇ..