ਸ਼੍ਰੀਲੰਕਾ ‘ਚ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ ਅਤੇ ਹੁਣ ਪ੍ਰਦਰਸ਼ਨਕਾਰੀ ਰਾਸ਼ਟਰਪਤੀ ਭਵਨ ਤੱਕ ਪਹੁੰਚ ਗਏ ਹਨ। ਸ਼ਨੀਵਾਰ ਨੂੰ ਸਥਿਤੀ ਵਿਗੜੀ ਤਾਂ ਇਸ ਦਾ ਅਸਰ ਕੋਲੰਬੋ ਸਮੇਤ ਹੋਰ ਸ਼ਹਿਰਾਂ ‘ਚ ਦੇਖਣ ਨੂੰ ਮਿਲਿਆ। ਇਸ ਸਮੇਂ ਗਾਲੇ ‘ਚ ਆਸਟ੍ਰੇਲੀਆ ਅਤੇ ਸ਼੍ਰੀਲੰਕਾ ਦਾ ਟੈਸਟ ਮੈਚ ਚੱਲ ਰਿਹਾ ਹੈ, ਜਿੱਥੇ ਪ੍ਰਦਰਸ਼ਨਕਾਰੀ ਸਟੇਡੀਅਮ ਦੇ ਬਾਹਰ ਪਹੁੰਚ ਗਏ। ਸ਼ਨੀਵਾਰ ਨੂੰ ਵੱਡੀ ਗਿਣਤੀ ‘ਚ ਪ੍ਰਦਰਸ਼ਨਕਾਰੀ ਸਟੇਡੀਅਮ ਦੇ ਬਾਹਰ ਅਤੇ ਅੰਦਰ ਪੋਸਟਰ ਲਹਿਰਾ ਕੇ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਗਾਲੇ ਪਹੁੰਚੇ। ਹਾਲਾਂਕਿ ਇਸ ਦਾ ਮੈਚ ‘ਤੇ ਕੋਈ ਅਸਰ ਨਹੀਂ ਪਿਆ ਅਤੇ ਦੋਵਾਂ ਟੀਮਾਂ ਵਿਚਾਲੇ ਮੈਚ ਚੱਲਦਾ ਰਿਹਾ। ਗਾਲੇ ਵਿੱਚ ਸਟੇਡੀਅਮ ਦੇ ਨੇੜੇ ਇੱਕ ਕਿਲੇ ‘ਤੇ ਮੈਚ ਦੌਰਾਨ ਚੜ੍ਹਨ ਦੀ ਮਨਾਹੀ ਹੈ। ਪਰ ਇਸ ਦੌਰਾਨ ਪ੍ਰਦਰਸ਼ਨਕਾਰੀ ਇੱਥੇ ਪਹੁੰਚ ਗਏ ਅਤੇ ਉਨ੍ਹਾਂ ਨੇ ਇੱਥੋਂ ਹੀ ਆਪਣੇ ਪੋਸਟਰ ਲਹਿਰਾਏ। ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਸਟੇਡੀਅਮ ਦੇ ਬਾਹਰ ਵੀ ਨਾਅਰੇਬਾਜ਼ੀ ਕੀਤੀ।
ਸ਼੍ਰੀਲੰਕਾ ਦੇ ਵੱਖ-ਵੱਖ ਸ਼ਹਿਰਾਂ ‘ਚ ਪ੍ਰਦਰਸ਼ਨਕਾਰੀਆਂ ਦੀ ਭੀੜ ਇਕੱਠੀ ਹੋ ਰਹੀ ਹੈ ਅਤੇ ਹੁਣ ਕਈ ਮਸ਼ਹੂਰ ਹਸਤੀਆਂ ਇਸ ‘ਚ ਸ਼ਾਮਿਲ ਹੋਣ ਲੱਗੀਆਂ ਹਨ। ਸ਼੍ਰੀਲੰਕਾ ਦੇ ਸਾਬਕਾ ਕ੍ਰਿਕਟਰ ਸਨਥ ਜੈਸੂਰੀਆ ਵੀ ਸੜਕਾਂ ‘ਤੇ ਉਤਰ ਕੇ ਪ੍ਰਦਰਸ਼ਨ ਕਰ ਚੁੱਕੇ ਹਨ। ਕੋਲੰਬੋ ‘ਚ ਰਾਸ਼ਟਰਪਤੀ ਭਵਨ ਨੇੜੇ ਸਨਥ ਜੈਸੂਰੀਆ ਵੀ ਪਹੁੰਚ ਗਏ ਹਨ, ਜਿੱਥੇ ਪ੍ਰਦਰਸ਼ਨਕਾਰੀਆਂ ਦੀ ਭੀੜ ਹੈ।