ਇਸਲਾਮਿਕ ਰੀਪਬਲਿਕ ਆਫ ਈਰਾਨ ਦੇ ਵੈਲਿੰਗਟਨ ਦੂਤਾਵਾਸ ਦੇ ਬਾਹਰ ਅੱਜ ਪ੍ਰਦਰਸ਼ਨਕਾਰੀਆਂ ਨੇ ਹਿਜਾਬ ਅਤੇ ਉਨ੍ਹਾਂ ਦੇ ਈਰਾਨੀ ਪਾਸਪੋਰਟਾਂ ਨੂੰ ਸਾੜ ਕੇ ਪ੍ਰਦਸ਼ਨ ਕੀਤਾ ਹੈ। ਈਰਾਨ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਹਿੰਸਕ ਸਰਕਾਰੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਲਾਮਿਕ ਰੀਪਬਲਿਕ ਦੇ ਸਖਤ ਪਹਿਰਾਵੇ ਦੇ ਨਿਯਮਾਂ ਦੀ ਉਲੰਘਣਾ ਕਰਨ ਲਈ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਹਿਰਾਸਤ ਵਿੱਚ 22 ਸਾਲਾ ਮਾਹਸਾ ਅਮੀਨੀ ਦੀ ਮੌਤ ਨਾਲ ਉੱਥੇ ਅਤੇ ਦੁਨੀਆ ਭਰ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ। ਨਿਊਜ਼ੀਲੈਂਡ ‘ਚ ਵੀ ਪਿਛਲੇ ਮਹੀਨੇ ਅਮੀਨੀ ਦੀ ਮੌਤ ਤੋਂ ਬਾਅਦ ਈਰਾਨੀ ਸ਼ਾਸਨ ਦੇ ਖਿਲਾਫ ਕਈ ਪ੍ਰਦਰਸ਼ਨ ਹੋਏ ਹਨ।
ਈਰਾਨ ਵਿੱਚ ਜਨਮੀ ਗ੍ਰੀਨ ਐਮਪੀ ਗੋਲਰਿਜ਼ ਘਰਾਮਨ (Golriz Gharhaman) ਵੀ ਈਰਾਨ ਵਿੱਚ ਪ੍ਰਦਰਸ਼ਨਕਾਰੀਆਂ ਦੇ ਸਮਰਥਨ ਵਿੱਚ ਆਵਾਜ਼ ਉਠਾ ਰਹੀ ਹੈ ਅਤੇ ਪਹਿਲਾਂ ਇੱਕਜੁੱਟਤਾ ਵਿੱਚ ਆਪਣੇ ਵਾਲ ਕੱਟ ਚੁੱਕੀ ਹੈ, ਉੱਥੇ ਹੀ ਵੈਲਿੰਗਟਨ ਵਿੱਚ ਅੱਜ ਦੇ ਪ੍ਰਦਰਸ਼ਨ ‘ਚ ਵੀ ਉਨ੍ਹਾਂ ਹਿੱਸਾ ਲਿਆ। ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਦੂਤਾਵਾਸ ਦੇ ਨਿਸ਼ਾਨ ਦੀ ਵੀ ਭੰਨ-ਤੋੜ ਕੀਤੀ ਅਤੇ ਇਸ ‘ਤੇ ਹੰਗਾਮਾ ਕੀਤਾ। ਇਹ ਪ੍ਰਦਰਸ਼ਨ ਇਸ ਹਫਤੇ ਦੇ ਸ਼ੁਰੂ ਵਿੱਚ ਈਰਾਨ ਵਿੱਚ ਕਈ ਮਹੀਨਿਆਂ ਤੋਂ ਨਜ਼ਰਬੰਦ ਇੱਕ ਕੀਵੀ ਜੋੜੇ ਨੂੰ ਰਿਹਾਅ ਕਰਨ ਤੋਂ ਬਾਅਦ ਹੋਇਆ ਹੈ। ਸਰਕਾਰ ਨੇ ਈਰਾਨ ਲਈ ਯਾਤਰਾ ਚੇਤਾਵਨੀਆਂ ਨੂੰ ਅਪਡੇਟ ਕੀਤਾ ਹੈ ਅਤੇ ਇਸ ਸਮੇਂ ਉਸ ਦੇਸ਼ ਵਿੱਚ ਮੌਜੂਦ ਨਿਊਜ਼ੀਲੈਂਡ ਵਾਸੀਆਂ ਨੂੰ ਰਵਾਨਾ ਹੋਣ ਦੀ ਅਪੀਲ ਕੀਤੀ ਹੈ।