ਪ੍ਰਧਾਨ ਮੰਤਰੀ ਆਰਡਰਨ ਨੂੰ ਅੱਜ ਨੌਰਥਲੈਂਡ ਵਿੱਚ ਇੱਕ ਪ੍ਰੈੱਸ ਕਾਨਫਰੰਸ ਜਲਦੀ ਖਤਮ ਕਰਨੀ ਪਈ ਹੈ। ਕੁੱਝ ਮੀਡੀਆ ਰਿਪੋਰਟਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਪ੍ਰਦਰਸ਼ਨ ਵੈਕਸੀਨ ਦਾ ਵਿਰੋਧ ਕਰਨ ਵਾਲੇ ਇੱਕ ਗਰੁੱਪ ਵੱਲੋਂ ਕੀਤਾ ਗਿਆ ਹੈ। ਮੀਡੀਆ ਨੌਰਥਲੈਂਡ ਵਿੱਚ ਟੀਕਾਕਰਨ ਦੀਆਂ ਦਰਾਂ, ਸਿਹਤ ਮੰਤਰਾਲੇ ਦੁਆਰਾ ਰਿਪੋਰਟ ਕੀਤੇ ਜਾ ਰਹੇ ਕੋਵਿਡ ਕੇਸਾਂ ਦੇ ਸਮੇਂ ਅਤੇ ਵਹਾਨੌ ਓਰਾ ਦੇ ਆਲੇ-ਦੁਆਲੇ ਹਾਈ ਕੋਰਟ ਦੇ ਫੈਸਲੇ ਬਾਰੇ ਸਵਾਲ ਪੁੱਛ ਰਹੇ ਸਨ। ਇਸ ਦੌਰਾਨ ਇੱਕ ਆਦਮੀ ਨੇ ਆਰਡਰਨ ਨੂੰ ਦੋ ਵਾਰ ਰੋਕਿਆ ਜਦੋਂ ਉਹ ਸਵਾਲਾਂ ਦੇ ਜਵਾਬ ਦੇ ਰਹੀ ਸੀ, ਜਦਕਿ ਇੱਕ ਹੋਰ ਵਿਅਕਤੀ ਨੂੰ ਪਿੱਛੇ ਗਾਉਂਦੇ ਅਤੇ ਚੀਕਦੇ ਸੁਣਿਆ ਗਿਆ।
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਵੈਕਸੀਨ ਸਬੰਧੀ ਕੁੱਝ ਸਵਾਲ ਪੁੱਛੇ ਜਿਨ੍ਹਾਂ ਦਾ ਜਵਾਬ ਨਾ ਦਿੰਦਿਆਂ ਜੈਸਿੰਡਾ ਆਰਡਨ ਨੇ ਕਿਹਾ ਕਿ ਉਹ ਸਿਰਫ ਮਾਨਤਾ ਪ੍ਰਾਪਤ ਮੀਡੀਆ ਦੇ ਸਵਾਲਾਂ ਦੇ ਜੁਆਬ ਹੀ ਦੇਣਗੇ। ਪਰ ਇਸ ਤੋਂ ਬਾਅਦ ਵੀ ਪ੍ਰਦਰਸ਼ਨਕਾਰੀਆਂ ਵਲੋਂ ਸਵਾਲ ਪੁੱਛੇ ਗਏ ਜਿਸ ਕਾਰਨ ਪ੍ਰਧਾਨ ਮੰਤਰੀ ਨੇ ਪ੍ਰੈੱਸ ਕਾਨਫਰੰਸ ਰੱਦ ਕਰਨ ਦਾ ਫੈਸਲਾ ਲਿਆ। ਆਰਡਰਨ ਨੇ ਮੀਡੀਆ ਨੂੰ ਕਿਹਾ, “ਮਾਫ ਕਰਨਾ…. ਅਸੀਂ ਕਿਸੇ ਅੰਦਰੂਨੀ ਸਥਾਨ ‘ਤੇ ਜਾ ਸਕਦੇ ਹਾਂ, ਬਦਕਿਸਮਤੀ ਨਾਲ ਸਾਡੇ ਕੋਲ ਕੋਈ ਅਜਿਹਾ ਵਿਅਕਤੀ ਹੈ ਜੋ ਅੱਜ ਤੁਹਾਡੀ ਪ੍ਰੈਸ ਕਾਨਫਰੰਸ ਵਿੱਚ ਵਿਘਨ ਪਾ ਰਿਹਾ ਹੈ।”