ਜਦੋਂ ਆਈਪੀਐਲ ਮੈਗਾ ਨਿਲਾਮੀ 2022 ਖ਼ਤਮ ਹੋਈ ਸੀ, ਤਾਂ ਸਾਰੇ ਕ੍ਰਿਕਟ ਮਾਹਿਰਾਂ ਦੀ ਪੰਜਾਬ ਕਿੰਗਜ਼ ਬਾਰੇ ਇੱਕੋ ਰਾਏ ਸੀ। ਕ੍ਰਿਕਟ ਮਾਹਿਰਾਂ ਦਾ ਮੰਨਣਾ ਸੀ ਕਿ ਪੰਜਾਬ ਫਰੈਂਚਾਇਜ਼ੀ ਨੇ ਬਹੁਤ ਹੀ ਸਟੀਕ ਰਣਨੀਤੀ ਨਾਲ ਖਿਡਾਰੀਆਂ ਦੀ ਚੋਣ ਕੀਤੀ ਹੈ। ਸਾਰੇ ਕ੍ਰਿਕਟ ਮਾਹਿਰ ਇਸ ਗੱਲ ‘ਤੇ ਇਕਮਤ ਸਨ ਕਿ ਪੰਜਾਬ ਨੇ ਮੈਗਾ ਨਿਲਾਮੀ ਵਿਚ ਸਭ ਤੋਂ ਵਧੀਆ ਟੀਮ ਦੀ ਚੋਣ ਕੀਤੀ ਹੈ। ਇਸ ਗੱਲ ਨੂੰ ਸਹੀ ਸਾਬਿਤ ਕਰਦਿਆਂ ਪੰਜਾਬ ਕਿੰਗਜ਼ ਦੀ ਟੀਮ ਨੇ ਵੀ ਆਈਪੀਐਲ 2022 ਦੀ ਧਮਾਕੇਦਾਰ ਸ਼ੁਰੂਆਤ ਕੀਤੀ। ਆਪਣੇ ਪਹਿਲੇ ਹੀ ਮੈਚ ਵਿੱਚ 200 ਤੋਂ ਵੱਧ ਦੌੜਾਂ ਦਾ ਟੀਚਾ ਹਾਸਿਲ ਕਰਕੇ ਇਸ ਟੀਮ ਨੇ ਦਿਖਾ ਦਿੱਤਾ ਸੀ ਕਿ ਉਹ ਇਸ ਵਾਰ ਟਰਾਫੀ ਜਿੱਤਣ ਦੀ ਮਜ਼ਬੂਤ ਦਾਅਵੇਦਾਰ ਹੈ। ਪਰ ਮੌਜੂਦਾ ਸਮੇਂ ‘ਚ ਪੰਜਾਬ ਦੀ ਟੀਮ ਆਈਪੀਐੱਲ ਦੇ 7 ਮੈਚ ਖੇਡ ਕੇ ਸਿਰਫ 3 ਜਿੱਤਾਂ ਨਾਲ ਅੰਕ ਸੂਚੀ ‘ਚ ਅੱਠਵੇਂ ਸਥਾਨ ‘ਤੇ ਹੈ। ਅਜਿਹਾ ਕਿਉਂ ਹੋਇਆ ਅਤੇ ਪੰਜਾਬ ਦੀ ਟੀਮ ਕਿੱਥੇ ਗਲਤ ਹੋ ਰਹੀ ਹੈ, 3 ਪੁਆਇੰਟਾਂ ਵਿੱਚ ਸਮਝੋ..
ਤਿੰਨ ਮਹਿੰਗੇ ਖਿਡਾਰੀ ਪੂਰੀ ਤਰ੍ਹਾਂ ਫਲਾਪ : ਪੰਜਾਬ ਕਿੰਗਜ਼ ਨੇ ਸ਼ਾਹਰੁਖ ਖਾਨ (9 ਕਰੋੜ), ਜੌਨੀ ਬੇਅਰਸਟੋ (6.75 ਕਰੋੜ) ਅਤੇ ਓਡਿਨ ਸਮਿਥ (6 ਕਰੋੜ) ਨੂੰ IPL ਮੈਗਾ ਨਿਲਾਮੀ ਵਿੱਚ ਬਹੁਤ ਜ਼ਿਆਦਾ ਕੀਮਤ ਦੇ ਕੇ ਖਰੀਦਿਆ ਪਰ ਇਹ ਤਿੰਨੇ ਖਿਡਾਰੀ ਆਪਣੀ ਤਨਖਾਹ ਨਾਲ ਇਨਸਾਫ ਨਹੀਂ ਕਰ ਰਹੇ। ਇਹ ਤਿੰਨੋਂ ਖਿਡਾਰੀ ਹੁਣ ਤੱਕ ਆਈਪੀਐਲ ਵਿੱਚ ਪੂਰੀ ਤਰ੍ਹਾਂ ਫਲਾਪ ਸਾਬਿਤ ਹੋਏ ਹਨ। ਪੰਜਾਬ ਦੀ ਟੀਮ ਨੂੰ ਭਾਰਤ ਦੇ ਨੌਜਵਾਨ ਸਟਾਰ ਸ਼ਾਹਰੁਖ ਖਾਨ ਤੋਂ ਫਿਨਿਸ਼ਰ ਦੀ ਭੂਮਿਕਾ ਦੀ ਉਮੀਦ ਹੈ ਪਰ ਉਹ ਮੁਸ਼ਕਿਲ ਨਾਲ ਹੀ ਦੌੜਾਂ ਬਣਾ ਰਿਹਾ ਹੈ। ਆਲਰਾਊਂਡਰ ਓਡਿਨ ਸਮਿਥ ਵੀ ਉਮੀਦਾਂ ‘ਤੇ ਖਰਾ ਨਹੀਂ ਉਤਰਿਆ। ਭਾਨੁਕਾ ਰਾਜਪਕਸ਼ੇ ਦੀ ਜਗ੍ਹਾ ਪਲੇਇੰਗ ਇਲੈਵਨ ‘ਚ ਸ਼ਾਮਲ ਕੀਤੇ ਜਾ ਰਹੇ ਇੰਗਲਿਸ਼ ਬੱਲੇਬਾਜ਼ ਜੌਨੀ ਬੇਅਰਸਟੋ ਨੇ ਹੁਣ ਤੱਕ ਇੱਕ ਵੀ ਮੈਚ ‘ਚ ਕੋਈ ਵੱਡੀ ਪਾਰੀ ਨਹੀਂ ਖੇਡੀ ਹੈ।
ਕਮਜ਼ੋਰ ਗੇਂਦਬਾਜ਼ੀ: ਤੇਜ਼ ਗੇਂਦਬਾਜ਼ੀ ਵਿੱਚ ਪੰਜਾਬ ਕੋਲ ਕਾਗਿਸੋ ਰਬਾਡਾ, ਅਰਸ਼ਦੀਪ ਸਿੰਘ ਅਤੇ ਵੈਭਵ ਅਰੋੜਾ ਵਰਗੇ ਗੇਂਦਬਾਜ਼ ਹਨ ਪਰ ਇਹ ਤਿਕੜੀ ਹੁਣ ਤੱਕ ਕੋਈ ਖਾਸ ਛਾਪ ਨਹੀਂ ਛੱਡ ਸਕੀ। ਪੰਜਾਬ ਦੇ ਗੇਂਦਬਾਜ਼ਾਂ ਨੂੰ ਲਗਭਗ ਸਾਰੇ ਮੈਚਾਂ ‘ਚ ਨਿਰਾਸ਼ਾ ਮਿਲੀ ਹੈ। ਸਪਿੰਨਰ ਰਾਹੁਲ ਚਾਹਰ ਵੀ ਪਹਿਲਾਂ ਵਾਂਗ ਗੇਂਦਬਾਜ਼ੀ ‘ਚ ਕਮਾਲ ਨਹੀਂ ਦਿਖਾ ਪਾ ਰਹੇ ਹਨ। ਨਤੀਜਾ ਇਹ ਹੈ ਕਿ ਪੰਜਾਬ ਦੀ ਟੀਮ 180 ਤੋਂ ਵੱਧ ਦੌੜਾਂ ਬਣਾ ਕੇ ਵੀ ਵਿਰੋਧੀ ਟੀਮ ਨੂੰ ਟੀਚਾ ਹਾਸਿਲ ਕਰਨ ਤੋਂ ਨਹੀਂ ਰੋਕ ਸਕੀ।
ਪ੍ਰਦਰਸ਼ਨ ਵਿੱਚ ਨਿਰੰਤਰਤਾ ਦੀ ਘਾਟ: ਇਸ ਆਈਪੀਐਲ ਵਿੱਚ ਪੰਜਾਬ ਦੀ ਟੀਮ ਇੱਕ ਮੈਚ ਜਿੱਤਦੀ ਹੈ ਅਤੇ ਦੂਜਾ ਹਾਰਦੀ ਹੈ। ਟੀਮ ਦੇ ਪ੍ਰਦਰਸ਼ਨ ਵਿੱਚ ਨਿਰੰਤਰਤਾ ਦੀ ਕਮੀ ਹੈ। ਪੰਜਾਬ ਦੀ ਇਹ ਟੀਮ ਲਗਾਤਾਰ ਦੋ ਮੈਚ ਜਿੱਤਣ ਵਿੱਚ ਨਾਕਾਮ ਰਹੀ ਹੈ। ਖਿਡਾਰੀਆਂ ਵਿੱਚ ਲਿਆਮ ਲਿਵਿੰਗਸਟੋਨ ਨੂੰ ਛੱਡ ਕੇ ਬਾਕੀ ਖਿਡਾਰੀ ਵੀ ਲਗਾਤਾਰ ਪ੍ਰਦਰਸ਼ਨ ਨਹੀਂ ਕਰ ਪਾ ਰਹੇ ਹਨ। ਕਪਤਾਨ ਮਯੰਕ ਅਗਰਵਾਲ ਹੋਵੇ ਜਾਂ ਪੰਜਾਬ ਦਾ ਕੋਈ ਗੇਂਦਬਾਜ਼, ਇਨ੍ਹਾਂ ਸਾਰਿਆਂ ਦੇ ਪ੍ਰਦਰਸ਼ਨ ‘ਚ ਇਕਸਾਰਤਾ ਨਹੀਂ ਹੈ।